
15 ਲੋਕਾਂ ਦੀ ਹਾਲਤ ਗੰਭੀਰ, ਹਾਲੇ ਵੀ ਕਈ ਲੋਕ ਲਾਪਤਾ
ਲਾਪਤਾ ਲੋਕਾਂ ਦੀ ਭਾਲ ਲਈ ਸਰਚ ਅਪਰੇਸ਼ਨ ਜਾਰੀ
ਭਾਗਲਪੁਰ, 5 ਨਵੰਬਰ: ਬਿਹਾਰ ਦੇ ਭਾਗਲਪੁਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਕਿਸ਼ਤੀ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਨੌਗਛੀਆ ਦੇ ਕਰਾਰੀ ਤੀਨਟੰਗਾ ਦਿਆਰਾ 'ਚ ਵਾਪਰਿਆ। ਦਸਿਆ ਜਾ ਰਿਹਾ ਹੈ ਕਿ ਗੰਗਾ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ। ਖੇਤ 'ਚ ਕੰਮ ਕਰਨ ਵਾਲੇ ਲੋਕਾਂ ਨੇ ਦਸਿਆ ਕਿ ਕਿਸ਼ਤੀ 'ਚ 100 ਲੋਕ ਸਵਾਰ ਸਨ। ਐੱਸ.ਡੀ.ਆਰ.ਐੱਫ. ਦੀ ਟੀਮ ਰਵਾਨਾ ਹੋ ਗਈ ਹੈ। ਹੁਣ ਤਕ 5 ਲਾਸ਼ਾਂ ਮਿਲ ਚੁਕੀਆਂ ਹਨ, ਜਦਕਿ 15 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦਾ ਇਲਾਜ ਸਥਾਨਕ ਪੀ.ਐੱਚ.ਸੀ. 'ਚ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਤਿਨਟੰਗਾ ਤੋਂ ਕਈ ਲੋਕ ਦਿਆਰਾ ਲਈ ਕਿਸ਼ਤੀ 'ਤੇ ਨਿਕਲੇ ਸਨ ਜਿਸ 'ਚ ਔਰਤਾਂ ਵੀ ਸ਼ਾਮਲ ਸਨ। ਕਿਸ਼ਤੀ ਮਹਿਤੋ ਬਹਿਆਰ ਘਾਟ ਤੋਂ ਰਵਾਨਾ ਹੋਈ, ਉਦੋਂ ਹਾਲਾਤ ਆਮ ਸਨ। ਜਿਵੇਂ ਹੀ ਕਿਸ਼ਤੀ ਦਰਸ਼ਨੀਆਂ ਧਾਰ 'ਚ ਗਈ, ਉੱਥੋਂ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ।
ਜਦੋਂ ਹਾਦਸਾ ਹੋਇਆ, ਉਸ ਸਮੇਂ ਕਿਸ਼ਤੀ 'ਚ 100 ਲੋਕ ਸਵਾਰ ਸਨ। ਖੇਤ 'ਚ ਕੰਮ ਕਰ ਰਹੇ ਮਜ਼ਦੂਰਾਂ ਨੇ ਜਲਦ ਤੋਂ ਜਲਦ ਕੁਝ ਲੋਕਾਂ ਦੀ ਜਾਨ ਬਚਾਈ, ਜਿਨ੍ਹਾਂ 'ਚੋਂ 15 ਦੀ ਹਾਲਤ ਨਾਜ਼ੁਕ ਹੈ। ਮੌਕੇ 'ਤੇ ਸਥਾਨਕ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਐੱਸ.ਡੀ.ਆਰ.ਐੱਫ. ਦੀ ਟੀਮ ਮੌਕੇ 'ਤੇ ਰਵਾਨਾ ਕਰ ਦਿਤੀ ਹੈ। ਕਿਸ਼ਤੀ ਪਲਟਣ ਕਾਰਨ ਪਿੰਡ 'ਚ ਭੱਜ-ਦੌੜ ਦਾ ਮਾਹੌਲ ਹੈ, ਹਾਲੇ ਤਕ 5 ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁਕਿਆ ਹੈ ਜਦਕਿ ਕਈ ਲਾਪਤਾ ਹਨ। (ਏਜੰਸੀ)