'ਆਪ' ਨੂੰ 43 ਫੀਸਦੀ ਵੋਟ ਸ਼ੇਅਰ ਨਾਲ 149 ਤੋਂ 171 ਸੀਟਾਂ ਮਿਲ ਸਕਦੀਆਂ ਹਨ।
ਨਵੀਂ ਦਿੱਲੀ: ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਹੋ ਸਕਦੀ ਹੈ ਅਤੇ ਭਾਰਤੀ ਜਨਤਾ ਪਾਰਟੀ 15 ਸਾਲਾਂ ਬਾਅਦ ਐਮਸੀਡੀ ਵਿਚ ਸੱਤਾ ਤੋਂ ਬਾਹਰ ਹੋ ਸਕਦੀ ਹੈ। ਕੁਝ ਐਗਜ਼ਿਟ ਪੋਲ 'ਚ ਇਹ ਭਵਿੱਖਬਾਣੀ ਕੀਤੀ ਗਈ ਹੈ। 'ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ' ਐਗਜ਼ਿਟ ਪੋਲ ਮੁਤਾਬਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੂੰ 43 ਫੀਸਦੀ ਵੋਟ ਸ਼ੇਅਰ ਨਾਲ 149 ਤੋਂ 171 ਸੀਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਭਾਜਪਾ ਨੂੰ 35 ਫੀਸਦੀ ਵੋਟਾਂ ਨਾਲ 69 ਤੋਂ 91 ਸੀਟਾਂ ਮਿਲ ਸਕਦੀਆਂ ਹਨ।
ਇਸ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨਗਰ ਨਿਗਮ ਚੋਣਾਂ 'ਚ ਆਪਣਾ ਹੁਣ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਜਾ ਰਹੀ ਹੈ। ਕਾਂਗਰਸ ਨੂੰ 10 ਫੀਸਦੀ ਵੋਟਾਂ ਨਾਲ 3-7 ਸੀਟਾਂ ਨਾਲ ਸਬਰ ਕਰਨਾ ਪੈ ਸਕਦਾ ਹੈ। 'ਟਾਈਮਜ਼ ਨਾਓ' ਦੇ ਐਗਜ਼ਿਟ ਪੋਲ ਦਾ ਕਹਿਣਾ ਹੈ ਕਿ 'ਆਪ' ਨੂੰ 146 ਤੋਂ 156 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ 84 ਤੋਂ 94 ਸੀਟਾਂ ਮਿਲਣ ਦੀ ਉਮੀਦ ਹੈ। ਕਾਂਗਰਸ ਨੂੰ 6 ਤੋਂ 10 ਸੀਟਾਂ ਮਿਲ ਸਕਦੀਆਂ ਹਨ।
'TV9' ਵੱਲੋਂ ਕੀਤੇ ਪੋਸਟ-ਪੋਲ ਸਰਵੇ ਨੇ ਭਵਿੱਖਬਾਣੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੂੰ 140-150 ਸੀਟਾਂ ਮਿਲ ਸਕਦੀਆਂ ਹਨ, ਜਦਕਿ ਭਾਜਪਾ ਨੂੰ 92-96 ਸੀਟਾਂ ਮਿਲ ਸਕਦੀਆਂ ਹਨ। ਇਸ ਸਰਵੇ 'ਚ ਕਾਂਗਰਸ ਨੂੰ 6-10 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦਿੱਲੀ ਨਗਰ ਨਿਗਮ ਦੀਆਂ 250 ਸੀਟਾਂ 'ਤੇ ਐਤਵਾਰ 4 ਦਸੰਬਰ ਨੂੰ ਵੋਟਿੰਗ ਹੋਈ ਸੀ।