
ਇੱਕ ਸਾਲ ਵਿੱਚ ਟੈਲੀਕਾਸਟ ਕੀਤੇ ਪ੍ਰੋਗਰਾਮਾਂ ਦੀ ਮੰਗੀ ਰਿਪੋਰਟ
ਹਿਸਾਰ: ਹਿਸਾਰ ਦੂਰਦਰਸ਼ਨ ਕੇਂਦਰ ਦੇ ਨਿਰੀਖਣ ਦੌਰਾਨ ਗੰਦਗੀ ਦੇਖ ਕੇ ਕੇਂਦਰੀ ਖੇਡ, ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਭੜਕ ਗਏ। ਉਨ੍ਹਾਂ ਸਫਾਈ ਨਾ ਰੱਖਣ ਲਈ ਅਧਿਕਾਰੀਆਂ ਦੀ ਆਲੋਚਨਾ ਕੀਤੀ। ਕੇਂਦਰ ਵੱਲੋਂ ਇੱਕ ਸਾਲ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਉਨ੍ਹਾਂ ਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਦੀ ਰਿਪੋਰਟ ਵੀ ਮੰਗੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੇਂਦਰ ਦੀ ਇਮਾਰਤ ਵਿੱਚ ਜਲਦੀ ਸਿਸਟਮ ਠੀਕ ਕੀਤਾ ਜਾਵੇ।
ਕੇਂਦਰੀ ਮੰਤਰੀ ਨੇ ਇਹ ਗੱਲ ਹਿਸਾਰ ਵਿੱਚ ਬਣਾਏ ਗਏ ਦੂਰਦਰਸ਼ਨ ਕੇਂਦਰ ਦਾ ਨਿਰੀਖਣ ਕਰਨ ਮਗਰੋਂ ਅਧਿਕਾਰੀਆਂ ਨੂੰ ਕਹੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੂਰਦਰਸ਼ਨ ਕੇਂਦਰ ਵਿੱਚ ਪਈਆਂ ਪੁਰਾਣੀਆਂ ਵਸਤੂਆਂ ਦੀ ਨਿਲਾਮੀ ਕਰਵਾਈ ਜਾਵੇ। ਇਸ ਨਾਲ ਦੂਰਦਰਸ਼ਨ ਕੇਂਦਰ ਸਾਫ਼-ਸੁਥਰਾ ਨਜ਼ਰ ਆਵੇਗਾ ਅਤੇ ਪੁਰਾਣੇ ਸਾਮਾਨ ਦੀ ਨਿਲਾਮੀ ਕਰਕੇ ਸਰਕਾਰ ਨੂੰ ਮਾਲੀਆ ਵੀ ਮਿਲੇਗਾ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਨਿਰੀਖਣ ਦੌਰੇ ਦੌਰਾਨ ਦੂਰਦਰਸ਼ਨ ਕੇਂਦਰ ਦੇ ਸਟੂਡੀਓ, ਕੈਮਰਾ ਯੂਨਿਟ, ਲਾਇਬ੍ਰੇਰੀ, ਟਰਾਂਸਮੀਟਰ ਹਾਲ, ਪਲਾਂਟ ਰੂਮ ਅਤੇ ਕੰਟੀਨ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦੂਰਦਰਸ਼ਨ ਕੇਂਦਰ ਰਾਹੀਂ ਪਿਛਲੇ ਇੱਕ ਸਾਲ ਦੌਰਾਨ ਪ੍ਰਸਾਰਿਤ ਹੋਏ ਪ੍ਰੋਗਰਾਮਾਂ ਅਤੇ ਇਨ੍ਹਾਂ ਪ੍ਰੋਗਰਾਮਾਂ ਦੇ ਦਰਸ਼ਕਾਂ ਦੀ ਗਿਣਤੀ ਸਮੇਤ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਭੇਜਣ ਲਈ ਕਿਹਾ।