
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਨਿਚਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਦਸਿਆ........
ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਨਿਚਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਦਸਿਆ ਕਿ ਅਗਸਤਾ-ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ 'ਚ ਗ੍ਰਿਫ਼ਤਾਰ ਕਥਿਤ ਵਿਚੋਲੀਏ ਕ੍ਰਿਸ਼ਚਨ ਮਿਸ਼ੇਲ ਨੂੰ ਦੂਜੇ ਰਖਿਆ ਸੌਦੇ 'ਚ ਵੀ ਰਕਮ ਮਿਲੀ ਸੀ ਜਿਸ ਦੀ ਜਾਂਚ ਕੀਤੀ ਜਾਣੀ ਹੈ। ਅਦਾਲਤ ਨੇ ਮਿਸ਼ੇਲ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿਤਾ। ਏਜੰਸੀ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਕਿਹਾ ਕਿ ਅਗਸਤਾ-ਵੈਸਟਲੈਂਡ ਸੌਦੇ ਨਾਲ ਮਿਸ਼ੇਲ ਨੂੰ 2.42 ਕਰੋੜ ਯੂਰੋ ਅਤੇ 1,60,96,245 ਪਾਊਂਡ ਮਿਲੇ। ਈ.ਡੀ. ਦੇ ਵਿਸ਼ੇਸ਼ ਸਰਕਾਰੀ ਵਕੀਲ ਡੀ.ਪੀ. ਸਿੰਘ ਅਤੇ ਐਨ.ਕੇ. ਮੱਟਾ ਨੇ ਅਦਾਲਤ ਨੂੰ ਇਹ ਵੀ ਦਸਿਆ ਕਿ ਮੁਲਜ਼ਮ ਨੇ ਨਕਦੀ
ਹਾਸਲ ਕਰਨ ਅਤੇ ਜਾਇਦਾਦ ਖ਼ਰੀਦਣ ਲਈ ਹਵਾਲਾ ਆਪਰੇਟਰਾਂ ਜ਼ਰੀਏ ਪੈਸਾ ਇਧਰੋਂ-ਉਧਰ ਭੇਜਿਆ। ਈ.ਡੀ. ਨੇ ਪੁੱਛ-ਪੜਤਾਲ ਲਈ 14 ਦਿਨਾਂ ਦੀ ਹਿਰਾਸਤ ਖ਼ਤਮ ਹੋਣ ਮਗਰੋਂ ਮਿਸ਼ੇਲ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ। ਏਜੰਸੀ ਨੇ ਅਦਾਲਤ ਨੂੰ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਜੇ ਉਹ ਬਾਹਰ ਰਿਹਾ ਤਾਂ ਨਿਆਂ ਦੇ ਘੇਰੇ ਤੋਂ ਬਾਹਰ ਜਾ ਸਕਦਾ ਹੈ। ਅਦਾਲਤ ਨੇ ਉਸ ਨੂੰ ਈ.ਡੀ. ਦੇ ਮਾਮਲੇ 'ਚ 26 ਫ਼ਰਵਰੀ ਤਕ ਅਤੇ ਸੀ.ਬੀ.ਆਈ. ਦੇ ਮਾਮਲੇ 'ਚ 27 ਫ਼ਰਵਰੀ ਤਕ ਨਿਆਂਇਕ ਹਿਰਾਸਤ 'ਚ ਭੇਜ ਦਿਤਾ ਹੈ। (ਪੀਟੀਆਈ)