
ਸਾਲ 2022 ਦੌਰਾਨ ਇਕੱਠੇ ਹੋਏ 400 ਕਰੋੜ ਤੋਂ ਜ਼ਿਆਦਾ ਰੁਪਏ
26 ਕਿਲੋ ਸੋਨਾ ਅਤੇ 330 ਕਿਲੋ ਚਾਂਦੀ ਵੀ ਸ਼ਾਮਲ
ਨਾਸਿਕ : ਨਵੇਂ ਸਾਲ ਵਿੱਚ ਸ਼ਿਰੜੀ ਦੇ ਸਾਈਂ ਮੰਦਰ ਵਿੱਚ ਅੱਠ ਲੱਖ ਸ਼ਰਧਾਲੂਆਂ ਨੇ ਰਿਕਾਰਡ ਤੋੜ ਚੜ੍ਹਾਵਾ ਚੜ੍ਹਾਇਆ। ਸ਼ਰਧਾਲੂਆਂ ਨੇ ਸ਼ਿਰਡੀ ਦੇ ਸਾਈਂ ਮੰਦਰ 'ਚ ਸਾਲ 2022 'ਚ 400 ਕਰੋੜ ਰੁਪਏ ਤੋਂ ਵੱਧ ਦਾ ਚੜ੍ਹਾਵਾ ਚੜ੍ਹਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨਵੇਂ ਸਾਲ ਮੌਕੇ 'ਤੇ ਲੋਕਾਂ ਨੇ ਮੰਦਰ 'ਚ 17 ਕਰੋੜ 81 ਲੱਖ ਰੁਪਏ ਦਾ ਚੜ੍ਹਾਵਾ ਚੜ੍ਹਾਇਆ।
ਇਸ ਦੇ ਨਾਲ ਹੀ 400 ਕਰੋੜ ਤੋਂ ਵੱਧ ਦੇ ਚੜ੍ਹਾਵੇ ਵਿਚੋਂ 167 ਕਰੋੜ 77 ਲੱਖ ਇਕ ਹਜ਼ਾਰ 27 ਰੁਪਏ ਸਿੱਧੇ ਦਾਨ ਬਕਸੇ ਵਿਚ ਆਏ ਅਤੇ ਇਸ ਤੋਂ ਇਲਾਵਾ 74 ਕਰੋੜ 3 ਲੱਖ 26 ਹਜ਼ਾਰ 464 ਰੁਪਏ ਦਾਨ ਕਾਊਂਟਰ 'ਤੇ ਕੱਟੀਆਂ ਗਈਆਂ ਰਸੀਦਾਂ ਤੋਂ ਪ੍ਰਾਪਤ ਹੋਏ। ਇੰਨਾ ਹੀ ਨਹੀਂ ਆਨਲਾਈਨ ਪੇਮੈਂਟ, ਮਨੀ ਆਰਡਰ, ਚੈੱਕ ਆਦਿ ਰਾਹੀਂ ਦਾਨ ਵਜੋਂ 144 ਕਰੋੜ 45 ਲੱਖ 22 ਹਜ਼ਾਰ 497 ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।ਦੱਸ ਦੇਈਏ ਕਿ ਕੁੱਲ ਦਾਨ ਵਿੱਚ ਸੋਨੇ, ਚਾਂਦੀ ਦੇ ਗਹਿਣਿਆਂ ਆਦਿ ਦੀ ਕੀਮਤ ਵੀ ਸ਼ਾਮਲ ਹੈ।
ਸ਼ਿਰੜੀ ਮੰਦਰ ਟਰੱਸਟ (ਐਸ.ਐਸ.ਐਸ.ਟੀ.) ਦੇ ਸੀਈਓ ਰਾਹੁਲ ਯਾਦਵ ਨੇ ਦੱਸਿਆ ਕਿ ਸ਼ਰਧਾਲੂਆਂ ਵਲੋਂ ਜੋ ਚੜ੍ਹਾਵਾ ਮੰਦਰ ਵਿੱਚ ਚੜ੍ਹਾਇਆ ਗਿਆ ਹੈ ਉਸ ਵਿੱਚ 12 ਕਰੋੜ ਦੀ ਕੀਮਤ ਦਾ 26 ਕਿਲੋ ਸੋਨਾ ਅਤੇ 330 ਕਿਲੋ ਚਾਂਦੀ ਵੀ ਸ਼ਾਮਲ ਹੈ ਜਿਸ ਦੀ ਕੀਮਤ 1.5 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਦੋ ਹਸਪਤਾਲ ਚਲਾਏ ਜਾ ਰਹੇ ਹਨ ਜਿਥੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਮੁਫ਼ਤ ਭੋਜਨ ਅਤੇ ਮੁਫ਼ਤ ਸਿੱਖਿਆ ਦੀਆਂ ਸਹੂਲਤਾਂ ਵੀ ਦਿਤੀਆਂ ਜਾਂਦੀਆਂ ਹਨ।