ਗੁਜਰਾਤ ਸੀ.ਆਈ.ਡੀ. ਵਲੋਂ 15 ਏਜੰਟਾਂ ਤੋਂ ਪੁੱਛ-ਪੜਤਾਲ ਜਾਰੀ
ਅਹਿਮਦਾਬਾਦ: ਗੁਜਰਾਤ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਨੇ ਨਿਕਾਰਾਗੁਆ ਜਾ ਰਹੀ ਇਕ ਉਡਾਣ ’ਚ ਸਵਾਰ ਸੂਬੇ ਦੇ ਸਾਰੇ 66 ਮੁਸਾਫ਼ਰਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਨੂੰ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਰਾਂਸ ’ਚ ਚਾਰ ਦਿਨਾਂ ਲਈ ਹਿਰਾਸਤ ’ਚ ਰੱਖਿਆ ਗਿਆ ਸੀ ਅਤੇ ਬਾਅਦ ’ਚ ਇਨ੍ਹਾਂ ਨੂੰ ਵਾਪਸ ਭਾਰਤ ਭੇਜ ਦਿਤਾ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਇਸ ਸਬੰਧ ’ਚ ਛੇਤੀ ਹੀ ਐਫ.ਆਈ.ਆਰ. ਦਰਜ ਕੀਤੀ ਜਾਵੇਗੀ। ਰੋਮਾਨੀਆ ਦੀ ਚਾਰਟਰ ਕੰਪਨੀ ਲੀਜੈਂਡ ਏਅਰਲਾਈਨਜ਼ ਵਲੋਂ ਸੰਚਾਲਿਤ ਇਕ ਉਡਾਣ 21 ਦਸੰਬਰ ਨੂੰ ਪੈਰਿਸ ਨੇੜੇ ਵੇਤਰੀ ਵਿਖੇ ਉਤਰੀ, ਜਿਸ ਤੋਂ ਬਾਅਦ ਫਰਾਂਸ ਦੇ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ ਪਹਿਲੂ ਦੀ ਜਾਂਚ ਲਈ ਦਖਲ ਦਿਤਾ ਸੀ।
276 ਮੁਸਾਫ਼ਰਾਂ ਨੂੰ ਲੈ ਕੇ ਉਡਾਣ 26 ਦਸੰਬਰ ਨੂੰ ਮੁੰਬਈ ਪਹੁੰਚੀ ਸੀ। ਫਰਾਂਸ ’ਚ ਉਤਰੀ ਉਡਾਣ ’ਚ 303 ਭਾਰਤੀ ਸਵਾਰ ਸਨ ਪਰ ਉਨ੍ਹਾਂ ’ਚੋਂ 27 ਨੇ ਯੂਰਪੀ ਦੇਸ਼ ’ਚ ਸ਼ਰਨ ਮੰਗੀ ਅਤੇ ਉਥੇ ਹੀ ਰੁਕੇ ਰਹੇ। ਜਾਂਚ ਦਾ ਵੇਰਵਾ ਦਿੰਦਿਆਂ ਪੁਲਿਸ ਸੁਪਰਡੈਂਟ (ਸੀ.ਆਈ.ਡੀ.-ਕ੍ਰਾਈਮ ਅਤੇ ਰੇਲਵੇ) ਸੰਜੇ ਖਰਾਤ ਨੇ ਕਿਹਾ ਕਿ ਇਸ ਮਾਮਲੇ ’ਚ ਸ਼ਾਮਲ ਹੋਣ ਦੇ ਸ਼ੱਕ ’ਚ 15 ਇਮੀਗ੍ਰੇਸ਼ਨ ਏਜੰਟਾਂ ਦੇ ਵੇਰਵੇ ਇਕੱਠੇ ਕੀਤੇ ਗਏ ਹਨ। ਜਹਾਜ਼ ’ਚ ਗੁਜਰਾਤ ਦੇ 66 ਲੋਕ ਸਵਾਰ ਸਨ।
ਸੀ.ਆਈ.ਡੀ. (ਕ੍ਰਾਈਮ) ਨੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਉਹ ਹੁਣ ਰਾਜ ’ਚ ਅਪਣੇ ਜੱਦੀ ਪਿੰਡਾਂ ਨੂੰ ਵਾਪਸ ਆ ਗਏ ਹਨ। ਇਨ੍ਹਾਂ 66 ਲੋਕਾਂ ’ਚੋਂ ਜ਼ਿਆਦਾਤਰ ਮਹਿਸਾਨਾ, ਅਹਿਮਦਾਬਾਦ, ਗਾਂਧੀਨਗਰ ਅਤੇ ਆਨੰਦ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਸੀ.ਆਈ.ਡੀ. ਇਸ ਮਾਮਲੇ ਵਿਚ ਇਕ ਇਮੀਗ੍ਰੇਸ਼ਨ ਏਜੰਟ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਖਰਾਤ ਨੇ ਕਿਹਾ, ‘‘ਇਕੱਤਰ ਕੀਤੇ ਗਏ ਸੁਰਾਗਾਂ ਅਤੇ ਜਾਣਕਾਰੀ ਦੇ ਆਧਾਰ ’ਤੇ ਅਸੀਂ ਜਲਦੀ ਹੀ ਐਫ.ਆਈ.ਆਰ. ਦਰਜ ਕਰਾਂਗੇ। ਸਾਨੂੰ ਗੁਜਰਾਤ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਏਜੰਟਾਂ ਦੇ ਨਾਮ ਅਤੇ ਹੋਰ ਵੇਰਵੇ ਮਿਲੇ ਹਨ। ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਉਨ੍ਹਾਂ ਨੇ ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵੇਸ਼ ਦੇ ਉਦੇਸ਼ ਨਾਲ ਲੋਕਾਂ ਨੂੰ ਦੁਬਈ ਅਤੇ ਨਿਕਾਰਾਗੁਆ ਕਿਵੇਂ ਭੇਜਿਆ।’’
ਉਨ੍ਹਾਂ ਕਿਹਾ ਕਿ ਏਜੰਟ ਵਲੋਂ ਵਰਤੇ ਗਏ ਦਸਤਾਵੇਜ਼, ਉਨ੍ਹਾਂ ਵਲੋਂ ਇਕੱਠੇ ਕੀਤੇ ਗਏ ਪੈਸੇ ਅਤੇ ਵਰਤੇ ਗਏ ਵੀਜ਼ਾ ਦੀ ਕਿਸਮ ਸਾਰੇ ਜਾਂਚ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅਜਿਹੇ 15 ਏਜੰਟਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਗੁਜਰਾਤ ਸੀ.ਆਈ.ਡੀ. ਨੇ ਪਹਿਲਾਂ ਕਿਹਾ ਸੀ ਕਿ ਮੁਸਾਫ਼ਰਾਂ ਨੇ ਦੁਬਈ ਦੇ ਰਸਤੇ ਨਿਕਾਰਾਗੁਆ ਪਹੁੰਚਣ ਤੋਂ ਬਾਅਦ ਅਮਰੀਕਾ ਵਿਚ ਗੈਰ-ਕਾਨੂੰਨੀ ਦਾਖਲੇ ਲਈ 60-80 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਸੀ.ਆਈ.ਡੀ. ਮੁਤਾਬਕ ਇਨ੍ਹਾਂ ’ਚੋਂ ਜ਼ਿਆਦਾਤਰ ਮੁਸਾਫ਼ਰਾਂ ਨੇ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ। ਅਮਰੀਕੀ ਕਸਟਮ ਅਤੇ ਬਾਰਡਰ ਸਰਵਿਲੈਂਸ (ਸੀ.ਬੀ.ਪੀ.) ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2023 ’ਚ ਘੱਟੋ-ਘੱਟ 96,917 ਭਾਰਤੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।