
Tamil Nadu News: ਗੁੱਸੇ ’ਚ ਭਾਸ਼ਣ ਦਿਤੇ ਬਿਨਾਂ ਹੀ ਛੱਡ ਗਏ ਸਦਨ
Tamil Nadu News: ਤਾਮਿਲਨਾਡੂ ਵਿਚ 2025 ਦਾ ਪਹਿਲਾ ਵਿਧਾਨ ਸਭਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਨਿਯਮਾਂ ਤਹਿਤ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਆਰ ਐਨ ਰਵੀ ਦੇ ਸੰਬੋਧਨ ਨਾਲ ਹੋਣੀ ਸੀ। ਪਰ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ’ਚ ਤਾਮਿਲਨਾਡੂ ਸਰਕਾਰ ਦਾ ਰਾਜ ਗੀਤ ‘ਤਾਮਿਲ ਥਾਈ ਵਜ਼ਥੂ’ ਗਾਇਆ ਗਿਆ।
ਇਸ ਕਾਰਨ ਤਾਮਿਲਨਾਡੂ ਦੇ ਰਾਜਪਾਲ ਆਰ ਐਨ ਰਵੀ ਵਿਧਾਨ ਸਭਾ ਸੈਸ਼ਨ ਦੌਰਾਨ ਰਾਸ਼ਟਰੀ ਗੀਤ ਦੇ ਅਪਮਾਨ ਤੋਂ ਨਾਰਾਜ਼ ਹੋ ਗਏ ਅਤੇ ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕੀਤੇ ਬਿਨਾਂ ਹੀ ਸਦਨ ਤੋਂ ਚਲੇ ਗਏ। ਪਰੰਪਰਾ ਅਨੁਸਾਰ, ਜਦੋਂ ਸਦਨ ਦੀ ਬੈਠਕ ਸ਼ੁਰੂ ਹੁੰਦੀ ਹੈ ਤਾਂ ਰਾਜ ਗੀਤ ਤਮਿਲ ਥਾਈ ਵਾਲਥੂ ਗਾਇਆ ਜਾਂਦਾ ਹੈ ਅਤੇ ਅੰਤ ਵਿਚ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ। ਪਰ ਰਾਜਪਾਲ ਰਵੀ ਨੇ ਇਸ ਨਿਯਮ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਹੈ ਕਿ ਰਾਸ਼ਟਰੀ ਗੀਤ ਦੋਵੇਂ ਵਾਰ ਗਾਇਆ ਜਾਣਾ ਚਾਹੀਦਾ ਹੈ।
ਅੱਜ ਰਾਜਪਾਲ ਦੇ ਵਾਕਆਊਟ ਤੋਂ ਬਾਅਦ ਰਾਜ ਭਵਨ ਨੇ ਇਕ ਬਿਆਨ ਵਿਚ ਕਿਹਾ, ‘ਇਹ ਸਾਰੀਆਂ ਵਿਧਾਨ ਸਭਾਵਾਂ ਵਿਚ ਰਾਜਪਾਲ ਦੇ ਭਾਸ਼ਣ ਦੇ ਸ਼ੁਰੂ ਅਤੇ ਅੰਤ ਵਿਚ ਗਾਇਆ ਜਾਂਦਾ ਹੈ। ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਅੱਜ ਰਾਜਪਾਲ ਦੇ ਸਦਨ ’ਚ ਆਉਣ ’ਤੇ ਸਿਰਫ਼ ਤਾਮਿਲ ਥਾਈ ਵਜ਼ਥੂ ਦਾ ਗਾਇਨ ਕੀਤਾ ਗਿਆ। ਰਾਜਪਾਲ ਨੇ ਸਤਿਕਾਰ ਸਹਿਤ ਸਦਨ ਨੂੰ ਅਪਣਾ ਸੰਵਿਧਾਨਕ ਫਰਜ਼ ਯਾਦ ਕਰਵਾਇਆ ਅਤੇ ਮਾਣਯੋਗ ਮੁੱਖ ਮੰਤਰੀ, ਜੋ ਸਦਨ ਦੇ ਆਗੂ ਅਤੇ ਮਾਣਯੋਗ ਸਪੀਕਰ ਹਨ, ਨੂੰ ਰਾਸ਼ਟਰੀ ਗੀਤ ਗਾਉਣ ਦੀ ਅਪੀਲ ਕੀਤੀ ਗਈ।
ਰਾਜਪਾਲ ਨੇ ਸਤਿਕਾਰ ਨਾਲ ਸਦਨ ਨੂੰ ਅਪਣਾ ਸੰਵਿਧਾਨਕ ਫਰਜ਼ ਚੇਤੇ ਕਰਵਾਇਆ ਅਤੇ ਰਾਸ਼ਟਰੀ ਗੀਤ ਵਜਾਉਣ ਦੀ ਮੰਗ ਕੀਤੀ ਪਰ ਮੁੱਖ ਮੰਤਰੀ ਐਮ ਕੇ ਸਟਾਲਿਨ ਅਤੇ ਸਦਨ ਦੇ ਸਪੀਕਰ ਨੇ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿਤਾ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੇ ’ਚ ਰਾਜਪਾਲ ਰਾਸ਼ਟਰੀ ਗੀਤ ਅਤੇ ਭਾਰਤ ਦੇ ਸੰਵਿਧਾਨ ਦੇ ਅਪਮਾਨ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਸਦਨ ਤੋਂ ਬਾਹਰ ਚਲੇ ਗਏ।