ਭਾਜਪਾ ਅਤੇ ‘ਆਪ’ ਵਿਧਾਇਕ ਹੋਏ ਆਹਮੋ-ਸਾਹਮਣੇ, ਕਾਰਵਾਈ ਮੁਅੱਤਲ
ਨਵੀਂ ਦਿੱਲੀ: ‘ਅਧਿਆਪਕਾਂ ਤੋਂ ਕੁੱਤਿਆਂ ਦੀ ਗਿਣਤੀ’ ਦੇ ਮਸਲੇ ’ਤੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕਾਂ ਨੇ ਇਹ ‘ਝੂਠ ਫੈਲਾਉਣ’ ਲਈ ਆਮ ਆਦਮੀ ਪਾਰਟੀ (ਆਪ) ਮੈਂਬਰਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਕਿ ਸਰਕਾਰੀ ਸਕੂਲ ਅਧਿਆਪਕਾਂ ਵਲੋਂ ਅਵਾਰਾ ਕੁੱਤਿਆਂ ਦੀ ਗਿਣਤੀ ਲਈ ਹੁਕਮ ਜਾਰੀ ਕੀਤੇ ਗਏ ਸਨ।
ਸਵੇਰੇ 11 ਵਜੇ ਦੇ ਕਰੀਬ ਬੈਠਕ ਸ਼ੁਰੂ ਹੋਣ ਤੋਂ ਤੁਰਤ ਬਾਅਦ ਸਪੀਕਰ ਵਿਜੇਂਦਰ ਗੁਪਤਾ ਨੂੰ ਪ੍ਰਦਰਸ਼ਨਕਾਰੀ ਵਿਧਾਇਕਾਂ ਨੂੰ ਕਾਬੂ ਕਰਨ ਵਿਚ ਮੁਸ਼ਕਲ ਆਈ ਅਤੇ ਸਦਨ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿਤੀ ਗਈ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿਰੁਧ ਮੁਆਫੀ ਮੰਗਣ ਦੀ ਮੰਗ ਕੀਤੀ।
ਗੁਪਤਾ ਨੇ ਸਦਨ ਨੂੰ ਵਿਵਸਥਿਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੀ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਅਤੇ ਸਦਨ ਦੀ ਕਾਰਵਾਈ ਦੁਪਹਿਰ 1 ਵਜੇ ਤਕ ਮੁਲਤਵੀ ਕਰ ਦਿਤੀ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਅਵਾਰਾ ਕੁੱਤਿਆਂ ਦੀ ਗਿਣਤੀ ਲਈ ਸਰਕਾਰੀ ਸਕੂਲ ਅਧਿਆਪਕਾਂ ਦੀ ਤਾਇਨਾਤੀ ਨੂੰ ਲੈ ਕੇ ਗਲਤ ਅਤੇ ਗੁਮਰਾਹਕੁੰਨ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਸੀ। ਚਿੱਠੀ ’ਚ ਸੂਦ ਨੇ ਕਿਹਾ ਕਿ ਇਸ ਮਾਮਲੇ ਉਤੇ ਸਰਕਾਰੀ ਸਰਕੂਲਰ ਪਹਿਲਾਂ ਹੀ ਜਨਤਕ ਹੈ ਅਤੇ ਕੇਜਰੀਵਾਲ ਤੋਂ ਜਨਤਕ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਦੁਪਹਿਰ ਦੇ ਖਾਣੇ ਤੋਂ ਬਾਅਦ ਸਦਨ ਮੁੜ ਸ਼ੁਰੂ ਹੋਣ ਤੋਂ ਬਾਅਦ ਸਪੀਕਰ ਗੁਪਤਾ ਨੇ ਭਾਜਪਾ ਵਿਧਾਇਕ ਅਜੇ ਮਹਾਵਰ ਵਲੋਂ ਉਠਾਏ ਗਏ ਮਾਮਲੇ ਨੂੰ ਜਾਂਚ ਲਈ ਸਿੱਖਿਆ ਬਾਰੇ ਸਥਾਈ ਕਮੇਟੀ ਕੋਲ ਭੇਜ ਦਿਤਾ। ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿਨ ਵੇਲੇ ਸਦਨ ਦੇ ਬਾਹਰ ਵੀ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ।
ਦਿੱਲੀ ਪੁਲਿਸ ਨੇ ਸਿੱਖਿਆ ਡਾਇਰੈਕਟੋਰੇਟ ਦੀ ਸ਼ਿਕਾਇਤ ਉਤੇ ਐਫ.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਕੁੱਝ ਸੋਸ਼ਲ ਮੀਡੀਆ ਉਪਭੋਗਤਾਵਾਂ ਉਤੇ ਦਿੱਲੀ ਦੇ ਸਕੂਲ ਅਧਿਆਪਕਾਂ ਨੂੰ ਅਵਾਰਾ ਕੁੱਤਿਆਂ ਦੀ ਗਿਣਤੀ ਕਰਨ ਲਈ ਕਿਹਾ ਜਾਣ ਬਾਰੇ ‘ਝੂਠੇ ਅਤੇ ਗੁਮਰਾਹਕੁੰਨ ਦਾਅਵੇ’ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।
