
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਨਾਕੋ ਦੇ ਰਾਸ਼ਟਰੀ ਮੁਖੀ ਪ੍ਰਿੰਸ ਅਲਬਰਟ ਦੂਜੇ ਨਾਲ ਕਈ ਮਾਮਲਿਆਂ ਬਾਰੇ ਗੱਲਬਾਤ ਕੀਤੀ.....
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਨਾਕੋ ਦੇ ਰਾਸ਼ਟਰੀ ਮੁਖੀ ਪ੍ਰਿੰਸ ਅਲਬਰਟ ਦੂਜੇ ਨਾਲ ਕਈ ਮਾਮਲਿਆਂ ਬਾਰੇ ਗੱਲਬਾਤ ਕੀਤੀ। ਦੋਹਾਂ ਨੇ ਊਰਜਾ ਅਤੇ ਜਲਵਾਯੂ ਤਬਦੀਲੀ ਨਾਲ ਸਿੱਝਣ ਵਿਚ ਤਾਲਮੇਲ ਵਧਾਉਣ ਬਾਰੇ ਚਰਚਾ ਕੀਤੀ। ਪ੍ਰਿੰਸ ਅਲਬਰਟ ਦੂਜੇ ਹਫ਼ਤੇ ਭਰ ਲੰਮੀ ਸਾਤਰਾ ਲਈ ਸੋਮਵਾਰ ਨੂੰ ਇਥੇ ਪਹੁੰਚੇ ਸੀ। ਉਨ੍ਹਾਂ ਇਥੇ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਸਿਆ ਕਿ ਉਕਤ ਮਸਲਿਆਂ ਬਾਰੇ ਉਸਾਰੂ ਤੇ ਚੰਗੀ ਗੱਲਬਾਤ ਹੋਈ।
ਉਨ੍ਹਾਂ ਟਵਿਟਰ 'ਤੇ ਕਿਹਾ ਕਿ ਭਾਰਤ ਅਤੇ ਮੋਨਾਕੇ ਵਿਚਾਲੇ 2007 ਵਿਚ ਸਫ਼ਾਰਤੀ ਸਬੰਧੀ ਸਥਾਪਤ ਹੋਏ ਸਨ ਪਰ ਦੋਹਾਂ ਦੀ ਦੋਸਤੀ ਕਾਫ਼ੀ ਪੁਰਾਣੀ ਹੈ। ਕੁਮਾਰ ਨੇ ਦਸਿਆ ਕਿ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਿੰਸ ਅਲਬਰਟ ਨਾਲ ਮੁਲਾਕਾਤ ਕੀਤੀ ਅਤੇ ਵਾਤਾਵਰਣ, ਭਾਰਤ ਵਿਚ ਨਿਵੇਸ਼, ਸਮਾਰਟ ਸਿਟੀ, ਸੈਰ ਸਪਾਟਾ ਅਤੇ ਲੋਕਾਂ ਦੇ ਆਪਸੀ ਸੰਪਰਕ ਦੇ ਖੇਤਰਾਂ ਵਿਚ ਤਾਲਮੇਲ ਵਧਾਉਣ ਬਾਰੇ ਚਰਚਾ ਕੀਤੀ। ਪ੍ਰਿੰਸ ਨੇ ਕਲ ਭਾਰਤ-ਮੋਨਾਕੋ ਵਪਾਰ ਮੰਚ ਦੇ ਸੰਮੇਲਨ ਵਿਚ ਸ਼ਿਰਕਤ ਕੀਤੀ ਸੀ। (ਏਜੰਸੀ)