
Jammu Kashmir: ਪੁਲਿਸ ਨੇ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਕੀਤੀ ਹੈ।
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਦੇ ਇੱਕ ਖੇਤਰ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਇੱਕ ਸੰਯੁਕਤ ਆਪਰੇਸ਼ਨ ਚਲਾਇਆ। ਇਸ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਇਹ ਕਾਰਵਾਈ ਭਾਰਤੀ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਕੀਤੀ ਹੈ।
ਫ਼ੌਜ ਨੇ ਇੱਥੋਂ ਕਈ ਹਥਿਆਰ ਬਰਾਮਦ ਕੀਤੇ। ਇਸ ਵਿੱਚ ਤਿੰਨ ਏਕੇ-47 ਰਾਈਫਲਾਂ, 11 ਮੈਗਜ਼ੀਨ, 292 ਗੋਲੀਆਂ, ਇੱਕ ਅੰਡਰ ਬੈਰਲ ਗ੍ਰਨੇਡ ਲਾਂਚਰ (ਯੂਬੀਜੀਐਲ), ਨੌ ਯੂਬੀਜੀਐਲ ਗ੍ਰੇਨੇਡ ਅਤੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰੱਖਿਆ ਬਲਾਂ ਨੂੰ ਖੁਫ਼ੀਆ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਅਤਿਵਾਦੀਆਂ ਨੇ ਬਾਰਾਮੂਲਾ ਦੇ ਜੰਗਲਾਂ 'ਚ ਹਥਿਆਰਾਂ ਦਾ ਭੰਡਾਰ ਲੁਕਾ ਕੇ ਰੱਖਿਆ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਦੁਪਹਿਰ ਕਰੀਬ 1:15 ਵਜੇ, ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਟਿਕਾਣਾ ਮਿਲਿਆ, ਜਿੱਥੇ ਇੱਕ ਖੋਖਲੇ ਦਰੱਖਤ ਵਿੱਚ ਹਥਿਆਰ ਲੁਕੋਏ ਹੋਏ ਸਨ।
ਅਤਿਵਾਦੀਆਂ ਨੇ ਇਸ ਜਖੀਰੇ ਨੂੰ ਕੰਬਲ 'ਚ ਲਪੇਟ ਕੇ ਰੱਖਿਆ ਹੋਇਆ ਸੀ। ਸੁਰੱਖਿਆ ਬਲਾਂ ਨੇ ਤੁਰੰਤ ਇਸ ਨੂੰ ਜ਼ਬਤ ਕਰ ਲਿਆ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਜਾਰੀ ਰੱਖੀ। ਇਸ ਬਰਾਮਦਗੀ ਤੋਂ ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਕਿਸੇ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ।
AK-47 ਰਾਈਫਲਾਂ ਅਤੇ ਗ੍ਰੇਨੇਡਾਂ ਦੀ ਮੌਜੂਦਗੀ ਤੋਂ ਪਤਾ ਲੱਗਦਾ ਹੈ ਕਿ ਸੁਰੱਖਿਆ ਬਲਾਂ ਜਾਂ ਨਾਗਰਿਕਾਂ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਥਿਆਰ ਕਿਸ ਅਤਿਵਾਦੀ ਸੰਗਠਨ ਦੇ ਸਨ ਅਤੇ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ। ਸ਼ੁਰੂਆਤੀ ਜਾਂਚ 'ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਘੁਸਪੈਠ ਕਰਕੇ ਆਏ ਅਤਿਵਾਦੀਆਂ ਲਈ ਹਥਿਆਰਾਂ ਦਾ ਭੰਡਾਰ ਹੋ ਸਕਦਾ ਹੈ।