
26 ਜਨਵਰੀ ਦੀ ਘਟਨਾ ਸਬੰਧੀ ਇਕੋ ਪ੍ਰਵਾਰ ਦੇ ਤਿੰਨ ਮੈਂਬਰ ਤਲਬ
ਚੰਡੀਗੜ੍ਹ: ਦਿੱਲੀ ਪੁਲਿਸ ਕਿਸਾਨਾਂ ਪਿਛੇ ਹੱਥ ਧੋ ਕੇ ਪਈ ਲਗਦੀ ਹੈ। ਲਾਲ ਕਿਲ੍ਹੇ ’ਤੇ 26 ਜਨਵਰੀ ਨੂੰ ਵਾਪਰੀ ਘਟਨਾ ਸਬੰਧੀ ਦਰਜ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅੰਨ੍ਹੇਵਾਹ ਨੋਟਿਸ ਜਾਰੀ ਕਰ ਰਹੀ ਹੈ ਤੇ ਕਿਸਾਨਾਂ, ਖਾਸਕਰ ਪੰਜਾਬ ਦੇ ਲੋਕਾਂ ਨੂੰ ਤਲਬ ਕਰ ਰਹੀ ਹੈ। ਇਸ ਦੌਰਾਨ ਇਹ ਵੀ ਵੇਖਿਆ ਨਹੀਂ ਜਾ ਰਿਹਾ ਕਿ ਘਟਨਾ ਵੇਲੇ ਕੋਈ ਮੌਜੂਦ ਸੀ ਵੀ ਜਾਂ ਨਹੀਂ।
photo
ਅਜਿਹਾ ਹੀ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਆਈਜੀਆਈਐਸ ਕ੍ਰਾਈਮ ਬਰਾਂਚ ਦਿੱਲੀ ਵਲੋਂ ਜਗੀਰ ਸਿੰਘ ਨਾਂ ਦੇ ਇਕ ਅਜਿਹੇ ਵਿਅਕਤੀ ਨੂੰ ਵੀ ਤਲਬ ਕਰ ਲਿਆ ਹੈ, ਜਿਸ ਦੀ 26 ਜਨਵਰੀ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਗੀਰ ਸਿੰਘ ਨੂੰ ਤਲਬ ਕੀਤੇ ਜਾਣ ਦਾ ਨੋਟਿਸ ਪ੍ਰਾਪਤ ਹੋਣ ’ਤੇ ਉਸ ਦੇ ਪ੍ਰਵਾਰਕ ਮੈਂਬਰ ਵੀ ਹੈਰਾਨ ਹਨ ਤੇ ਹੁਣ ਉਨ੍ਹਾਂ ਅਪਣੇ ਵਕੀਲ ਰਵਿੰਦਰ ਸਿੰਘ ਜੌਲੀ ਨਾਲ ਸੰਪਰਕ ਕੀਤਾ ਹੈ ਕਿ ਅੱਗੇ ਕੀ ਕੀਤਾ ਜਾਵੇ।
photo
ਇਹੋ ਨਹੀਂ ਜਗੀਰ ਸਿੰਘ ਸਮੇਤ ਇਸ ਪ੍ਰਵਾਰ ਦੇ ਤਿੰਨ ਮੈਂਬਰਾਂ ਨੂੰ ਤਲਬ ਕੀਤਾ ਗਿਆ ਹੈ, ਦੋ ਹੋਰਨਾਂ ਵਿਚ ਸੁਰਜੀਤ ਸਿੰਘ ਤੇ ਗੁਰਚਰਣ ਸਿੰਘ ਵੀ ਸ਼ਾਮਲ ਹਨ। ਇਹ ਪ੍ਰਵਾਰ ਕੁਰਾਲੀ ਦੇ ਪਿੰਡ ਨਿਉਲਕਾ ਦਾ ਵਸਨੀਕ ਹੈ।
Farmers Protest
ਉਨ੍ਹਾਂ ਨੂੰ 23 ਫ਼ਰਵਰੀ ਨੂੰ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ 26 ਜਨਵਰੀ ਦੀ ਘਟਨਾ ਦੇ ਸਬੰਧ ਵਿਚ ਬਾਬਾ ਹਰੀਦਾਸ ਨਗਰ ਦਿੱਲੀ ਥਾਣੇ ਵਿਚ ਦਰਜ ਮਾਮਲੇ ਵਿਚ ਪੁਛਗਿਛ ਦੀ ਲੋੜ ਹੈ, ਲਿਹਾਜਾ ਉਹ ਤਿੰਨੇ 3 ਮਾਰਚ ਨੂੰ ਕ੍ਰਾਈਮ ਬਰਾਂਚ ਦਵਾਰਕਾ ਵਿਖੇ ਪੇਸ਼ ਹੋਣ। ‘ਰੋਜ਼ਾਨਾ ਸਪੋਕਸਮੈਨ’ ਕੋਲ ਜਗੀਰ ਸਿੰਘ ਦੀ ਮੌਤ ਦਾ ਸਰਟੀਫ਼ੀਕੇਟ ਮੌਜੂਦ ਹੈ।
ਸਰਟੀਫ਼ੀਕੇਟ ਮੁਤਾਬਕ ਪੀਐਚਸੀ ਬੂਥਗੜ੍ਹ (ਖਰੜ) ਦੇ ਰੀਕਾਰਡ ਵਿਚ ਜਗੀਰ ਸਿੰਘ ਦੀ ਮੌਤ 31 ਦਸੰਬਰ 2020 ਨੂੰ ਹੀ ਹੋ ਚੁੱਕੀ ਸੀ ਪਰ ਦਿੱਲੀ ਪੁਲਿਸ ਨੇ , ਮ੍ਰਿਤਕ ਜਗੀਰ ਸਿੰਘ ਨੂੰ ਵੀ ਪੇਸ਼ ਹੋਣ ਦਾ ਨੋਟਿਸ ਜਾਰੀ ਕਰ ਦਿਤਾ।
ਇਸ ਤੋਂ ਸਿੱਧੇ ਤੌਰ ’ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 26 ਜਨਵਰੀ ਦੀ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਕਿਸ ਤਰ੍ਹਾਂ ਨਾਲ ਕਾਰਵਾਈ ਕਰੀ ਜਾ ਰਹੀ ਹੈ। ਐਡਵੋਕੇਟ ਜੌਲੀ ਮੁਤਾਬਕ ਦਿੱਲੀ ਪੁਲਿਸ ਵਲੋਂ ਜਾਰੀ ਨੋਟਿਸ ਸਬੰਧੀ ਅਗਲੇਰੀ ਕਾਰਵਾਈ ਬਾਰੇ ਕਾਨੂੰਨੀ ਤੱਥਾਂ ਦੀ ਘੋਖ ਕੀਤੀ ਜਾ ਰਹੀ ਹੈ।