
ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਆਰੋਪੀ ਮਹਿਲਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸੋਨੀਪਤ : ਹਰਿਆਣਾ ਦੇ ਸੋਨੀਪਤ ਵਿਚ ਮਹਿਲਾ ਨੇ ਆਪਣੇ ਪਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ ਹੈ। ਦੋਵਾਂ ਦਾ ਵਿਆਹ ਕਰੀਬ 10 ਸਾਲ ਪਹਿਲਾ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚ ਝਗੜਾ ਹੁੰਦਾ ਰਹਿੰਦਾ ਸੀ। ਝਗੜੇ ਵਿਚ ਅਕਸਰ ਪਤਨੀ ਹੀ ਪਤੀ ਨੂੰ ਕੁੱਟਦੀ ਸੀ।
ਇਸ ਵਾਰ ਵੀ ਉਸ ਨੇ ਪਤੀ ਨੂੰ ਬੇਰਹਿਮੀ ਨਾਲ ਮਾਰਿਆ ਜਿਸ ਕਾਰਨ ਉਸ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ। ਜਿਸ ਦੀ ਸ਼ਿਕਾਇਤ ਮ੍ਰਿਤਕ ਦੀ ਭਾਣਜੀ ਪਤੀ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਆਰੋਪੀ ਮਹਿਲਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸੋਨੂੰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹ ਪਿੰਡ ਮਾਜਰਾ ਵਾਸੀ ਸੁਮਨ ਨਾਲ ਹੋਇਆ ਸੀ। ਸੁਮਨ ਆਪਣੇ ਨਾਨਕੇ ਪਿੰਡ ਲਠ ਵਿਖੇ ਨਾਨਾ ਜੈਪਾਲ ਦੇ ਘਰ ਰਹਿੰਦੀ ਸੀ। ਜਿਸ ਕਾਰਨ ਉਸ ਦਾ ਨਨਿਹਾਲ ਨਾਲ ਸ਼ੁਰੂ ਤੋਂ ਹੀ ਲਗਾਅ ਹੈ। ਸੁਮਨ ਦਾ ਮਾਮਾ ਚੰਦ ਪਿੰਡ ਲਠ ਵਿੱਚ ਰਹਿੰਦਾ ਸੀ ਅਤੇ ਦੂਜਾ ਮਾਮਾ ਕਰਮਬੀਰ ਆਪਣੇ ਪਰਿਵਾਰ ਨਾਲ ਝੱਜਰ ਦੇ ਬਹਾਦਰਗੜ੍ਹ ਵਿੱਚ ਕਰੀਬ ਦੋ ਦਹਾਕਿਆਂ ਤੋਂ ਰਹਿ ਰਿਹਾ ਹੈ। ਸੁਮਨ ਦੇ ਮਾਮਾ ਚੰਦ ਨੇ ਕਰੀਬ 10 ਸਾਲ ਪਹਿਲਾਂ ਉੱਤਰਾਖੰਡ ਦੀ ਰਹਿਣ ਵਾਲੀ ਅੰਕਿਤਾ ਦਾ ਵਿਆਹ ਇਕ ਮੰਦਰ 'ਚ ਕੀਤਾ ਸੀ।
ਉਨ੍ਹਾਂ ਦਾ ਅੱਠ ਸਾਲ ਦਾ ਬੇਟਾ ਯਸ਼ ਹੈ। ਸੋਨੂੰ ਨੇ ਦੱਸਿਆ ਕਿ ਉਸ ਦਾ ਮਾਮਾ ਅਤੇ ਸਹੁਰਾ ਚੰਦ ਅਕਸਰ ਸ਼ਰਾਬ ਪੀਂਦੇ ਸਨ। ਜਿਸ ਕਾਰਨ ਅੰਕਿਤਾ ਅਤੇ ਚੰਦ ਵਿਚਕਾਰ ਲੜਾਈ ਹੁੰਦੀ ਰਹਿੰਦੀ ਸੀ। ਅਜਿਹੇ ਵਿੱਚ ਉਸ ਦੀ ਪਤਨੀ ਸੁਮਨ ਯਸ਼ ਨੂੰ ਪਿੰਡ ਬੁਟਾਣਾ ਵਿੱਚ ਆਪਣੇ ਕੋਲ ਰੱਖਦੀ ਹੈ। ਸੋਨੂੰ ਨੇ ਦੋਸ਼ ਲਾਇਆ ਕਿ 5 ਦਿਨ ਪਹਿਲਾਂ ਮਾਮਾ ਚੰਦ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਅੰਕਿਤਾ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਜਦੋਂ ਉਸ ਦੀ ਪਤਨੀ ਸੁਮਨ ਨੇ 3 ਮਾਰਚ ਨੂੰ ਆਪਣੇ ਮਾਮਾ ਚੰਦ ਨੂੰ ਫੋਨ ਕੀਤਾ ਤਾਂ ਉਹ ਫੋਨ ਨਹੀਂ ਰਿਸੀਵ ਕਰ ਰਿਹਾ ਸੀ। ਉਸ ਦੀ ਪਤਨੀ ਨੇ ਉਸ ਨੂੰ ਸੂਚਿਤ ਕੀਤਾ। ਜਿਸ 'ਤੇ ਸੋਨੂੰ ਨੇ ਚੰਦ ਦੇ ਚਚੇਰੇ ਭਰਾ ਯੁੱਧਵੀਰ ਵਾਸੀ ਪਿੰਡ ਲਠ ਨੂੰ ਚੰਦ ਦੇ ਘਰ ਜਾ ਕੇ ਦੇਖਣ ਲਈ ਕਿਹਾ ਸੀ। ਇਸ 'ਤੇ ਯੁੱਧਵੀਰ ਨੇ ਆਪਣੀ ਪਤਨੀ ਨੂੰ ਚੰਦ ਦੇ ਘਰ ਭੇਜ ਦਿੱਤਾ।
ਸੋਨੂੰ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਯੁੱਧਵੀਰ ਦੀ ਪਤਨੀ ਰੋਸ਼ਨੀ ਚੰਦ ਦੇ ਘਰ ਗਈ ਤਾਂ ਦਰਵਾਜ਼ਾ ਬੰਦ ਸੀ। ਉਸ ਨੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਤਾਂ ਚੰਦ ਅੰਦਰ ਬੇਹੋਸ਼ ਪਿਆ ਸੀ। ਉਸ ਦੇ ਮੂੰਹ ਵਿੱਚੋਂ ਖੂਨ ਵਹਿ ਰਿਹਾ ਸੀ। ਗੁਆਂਢੀਆਂ ਨੇ ਡਾਇਲ 112 'ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਜ਼ਖਮੀ ਨੂੰ ਮਹਿਲਾ ਮੈਡੀਕਲ ਕਾਲਜ ਹਸਪਤਾਲ ਖਾਨਪੁਰ 'ਚ ਦਾਖਲ ਕਰਵਾਇਆ। ਉੱਥੇ ਉਸ ਨੂੰ ਗੰਭੀਰ ਹਾਲਤ ਕਾਰਨ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜਦੋਂ ਉੱਥੇ ਵੀ ਆਰਾਮ ਨਾ ਹੋਇਆ ਤਾਂ ਰਿਸ਼ਤੇਦਾਰਾਂ ਨੇ ਉਸ ਨੂੰ ਰੋਹਤਕ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸੋਨੂੰ ਦੇ ਬਿਆਨਾਂ ’ਤੇ ਉਸ ਦੇ ਮਾਮੇ ਚੰਦ ਦੀ ਪਤਨੀ ਅੰਕਿਤਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।