
Madras High Court: ਕਿਹਾ, ਮੰਦਰਾਂ ’ਚ ਸਿਰਫ਼ ਭਗਤੀ ਗੀਤ ਹੀ ਚਲਾਏ ਜਾਣ
ਸ਼ਰਧਾਲੂਆਂ ਨੇ ਫ਼ਿਲਮੀ ਗੀਤ ਚਲਾਉਣ ’ਤੇ ਪ੍ਰਗਟਾਇਆ ਸੀ ਇਤਰਾਜ਼
Madras High Court bans film songs in temples: ਮਦਰਾਸ ਹਾਈ ਕੋਰਟ ਨੇ ਹਾਲ ਹੀ ’ਚ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਹਿੰਦੂ ਮੰਦਰਾਂ ’ਚ ਸਿਰਫ਼ ਭਗਤੀ ਗੀਤ ਹੀ ਵਜਾਏ ਜਾਣ। ਹੋਰ ਕਿਸਮ ਦੇ ਗੀਤ, ਖਾਸ ਕਰ ਕੇ ਫ਼ਿਲਮੀ ਗੀਤ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਫ਼ੈਸਲਾ ਪੁਡੂਚੇਰੀ ਦੇ ਇੱਕ ਸ਼ਰਧਾਲੂ ਵੈਂਕਟੇਸ਼ ਸੂਰੀਰਾਜਨ ਦੁਆਰਾ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਆਇਆ, ਜਿਸ ਨੇ ਸ਼ਿਕਾਇਤ ਕੀਤੀ ਸੀ ਕਿ ਮੰਦਰ ਦੇ ਤਿਉਹਾਰਾਂ ਦੌਰਾਨ ਕਰਵਾਏ ਜਾਣ ਵਾਲੇ ਆਰਕੈਸਟਰਾ ਵਿੱਚ ਫ਼ਿਲਮੀ ਗੀਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਜਸਟਿਸ ਡੀ. ਭਰਤ ਚੱਕਰਵਰਤੀ ਦੇ ਬੈਂਚ ਨੇ 24 ਫ਼ਰਵਰੀ ਦੇ ਆਪਣੇ ਹੁਕਮ ਵਿੱਚ ਕਿਹਾ ਕਿ ਮੰਦਰ ਦੇ ਅੰਦਰ ਕਿਸੇ ਵੀ ਤਿਉਹਾਰ ਦੌਰਾਨ, ਭਾਵੇਂ ਮੰਦਰ ਪ੍ਰਸ਼ਾਸਨ ਦੁਆਰਾ ਜਾਂ ਸ਼ਰਧਾਲੂਆਂ ਦੁਆਰਾ ਆਯੋਜਿਤ ਕੀਤਾ ਗਿਆ ਹੋਵੇ, ਕੇਵਲ ਭਗਤੀ ਸੰਗੀਤ ਹੀ ਚਲਾਇਆ ਜਾਣਾ ਚਾਹੀਦਾ ਹੈ। ਜਸਟਿਸ ਡੀ ਭਰਤ ਚੱਕਰਵਰਤੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਸਬੰਧਤ ਸਰਕਾਰੀ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਮੰਦਰ ਦੇ ਪਰਿਸਰ ਵਿੱਚ ਸਿਰਫ਼ ਭਗਤੀ ਸੰਗੀਤ ਹੀ ਵਜਾਇਆ ਜਾਵੇਗਾ।
ਇਹ ਮਾਮਲਾ ਪੁਡੂਚੇਰੀ ਦੇ ਤਿਰੁਮਲਾਇਰਾਯਨ ਪਟੀਨਮ ਸਥਿਤ ਵੇਝੀ ਵਰਦਰਾਜਾ ਪੇਰੂਮਲ ਮੰਦਰ ਨਾਲ ਸਬੰਧਤ ਹੈ। ਮੰਦਰ ਦੇ ਸ਼ਰਧਾਲੂ ਵੈਂਕਟੇਸ਼ ਸੂਰੀਰਾਜਨ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਸ਼ਿਕਾਇਤ ਕੀਤੀ ਸੀ ਕਿ ਮੰਦਰ ਦੇ ਤਿਉਹਾਰਾਂ ਦੌਰਾਨ ਆਯੋਜਿਤ ਆਰਕੈਸਟਰਾ ’ਚ ਫ਼ਿਲਮੀ ਗੀਤ ਵੀ ਵਜਾਏ ਜਾਂਦੇ ਹਨ। ਉਨ੍ਹਾਂ ਇਸ ਨੂੰ ਅਣਉਚਿਤ ਕਰਾਰ ਦਿੰਦਿਆਂ ਕਿਹਾ ਕਿ ਮੰਦਰ ਦੇ ਅੰਦਰ ਅਜਿਹੇ ਗੀਤ ਵਜਾਉਣ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੰਦਰ ਵਿੱਚ ਕੋਈ ਟਰੱਸਟੀ ਨਿਯੁਕਤ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨਿਕ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ’ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਅਦਾਲਤ ਨੇ ਅਧਿਕਾਰੀਆਂ ਨੂੰ ਇਸ ਮਾਮਲੇ ’ਚ ਜਲਦ ਤੋਂ ਜਲਦ ਢੁਕਵੇਂ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ, ‘‘ਇਹ ਕਾਨੂੰਨ ਹੈ ਕਿ ਮੰਦਰਾਂ ਨੂੰ ਲੰਬੇ ਸਮੇਂ ਲਈ ਟਰੱਸਟੀ ਤੋਂ ਬਿਨਾਂ ਨਹੀਂ ਛੱਡਿਆ ਜਾ ਸਕਦਾ ਹੈ। ਇਸ ਲਈ, ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਦੇ ਅਨੁਸਾਰ ਜਲਦੀ ਤੋਂ ਜਲਦੀ ਟਰੱਸਟੀ ਦੀ ਨਿਯੁਕਤੀ ਯਕੀਨੀ ਬਣਾਉਣੀ ਚਾਹੀਦੀ ਹੈ।’’
(For more news apart from Madras High Court Latest News, stay tuned to Rozana Spokesman)