
ਅਕਤੂਬਰ 2022 ਤੋਂ ਹੁਣ ਤੱਕ 20 ਵਿਦੇਸ਼ੀ ਤਸਕਰ ਕੀਤੇ ਗ੍ਰਿਫ਼ਤਾਰ
ਮੁੰਬਈ : ਦੇਸ਼ ਦੀ ਉਦਯੋਗਿਕ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿਰਫ 11 ਮਹੀਨਿਆਂ 'ਚ 360 ਕਰੋੜ ਰੁਪਏ ਦਾ 604 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਇਹ ਅੰਕੜਾ ਇੰਨਾ ਵੱਡਾ ਹੈ ਕਿ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਵਿੱਚ ਸੋਨੇ ਦੀ ਤਸਕਰੀ ਦੇ ਸਭ ਤੋਂ ਵੱਡੇ ਕੇਂਦਰ ਵਜੋਂ ਉੱਭਰਦਾ ਜਾਪਦਾ ਹੈ। ਇਸੇ ਸਮੇਂ ਦੌਰਾਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 374 ਕਿਲੋਗ੍ਰਾਮ ਗੈਰ-ਕਾਨੂੰਨੀ ਸੋਨਾ ਜ਼ਬਤ ਕੀਤਾ ਗਿਆ, ਜਦਕਿ ਚੇਨਈ 'ਚ 306 ਕਿਲੋ ਗੈਰ-ਕਾਨੂੰਨੀ ਸੋਨਾ ਜ਼ਬਤ ਕੀਤਾ ਗਿਆ। ਕਸਟਮ ਵਿਭਾਗ ਨੇ ਇਹ ਅੰਕੜੇ ਪ੍ਰਗਟ ਕੀਤੇ ਹਨ।
ਇਹ ਵੀ ਪੜ੍ਹੋ : ਵਿਵਾਦਾਂ ਤੋਂ ਬਚਣ ਲਈ ਜਾਨਸਨ ਐਂਡ ਜਾਨਸਨ ਦਾ ਵੱਡਾ ਫੈਸਲਾ, 73 ਹਜ਼ਾਰ ਕਰੋੜ ਰੁਪਏ ਦਾ ਦੇਵੇਗਾ ਮੁਆਵਜ਼ਾ
2019-20 ਵਿਚ, ਕੋਰੋਨਾ ਮਹਾਂਮਾਰੀ ਤੋਂ ਪਹਿਲਾਂ, ਦਿੱਲੀ ਹਵਾਈ ਅੱਡੇ 'ਤੇ 494 ਕਿਲੋਗ੍ਰਾਮ, ਮੁੰਬਈ ਵਿਖੇ 403 ਕਿਲੋ ਅਤੇ ਚੇਨਈ ਵਿਖੇ 392 ਕਿਲੋਗ੍ਰਾਮ ਤਸਕਰੀ ਵਾਲਾ ਸੋਨਾ ਜ਼ਬਤ ਕੀਤਾ ਗਿਆ ਸੀ। ਸਾਲ 2020-21 ਦੌਰਾਨ ਜਦੋਂ ਸੋਨੇ ਦੀ ਤਸਕਰੀ 'ਚ ਵੱਡੀ ਕਮੀ ਆਈ ਸੀ, ਉਸ ਸਮੇਂ ਚੇਨਈ ਹਵਾਈ ਅੱਡੇ 'ਤੇ 150 ਕਿਲੋ, ਕੋਝੀਕੋਡ ਵਿਖੇ 146.9 ਕਿਲੋ, ਦਿੱਲੀ ਵਿਖੇ 88.4 ਕਿਲੋ ਅਤੇ ਮੁੰਬਈ ਵਿਖੇ 87 ਕਿਲੋਗ੍ਰਾਮ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ।
ਅਕਤੂਬਰ-2022 ਤੋਂ ਹੁਣ ਤੱਕ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਮਾਮਲੇ 'ਚ 20 ਵਿਦੇਸ਼ੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਾਲ 10 ਫਰਵਰੀ ਨੂੰ ਕਸਟਮ ਅਧਿਕਾਰੀਆਂ ਨੇ ਦੋ ਕੀਨੀਆ ਦੇ ਨਾਗਰਿਕਾਂ ਨੂੰ ਤਸਕਰੀ ਦੇ ਦੋਸ਼ 'ਚ ਫੜਿਆ ਸੀ। ਇਸ ਦੇ ਨਾਲ ਹੀ ਇੱਕ ਅੰਤਰਰਾਸ਼ਟਰੀ ਏਅਰਲਾਈਨ ਦੇ ਕਰੂ ਮੈਂਬਰ ਨੂੰ ਵੀ ਫੜਿਆ ਗਿਆ। ਉਸ ਨੂੰ ਕਰੀਬ 9 ਕਰੋੜ ਰੁਪਏ ਦੀ ਕੀਮਤ ਦੇ 18 ਕਿਲੋ ਸੋਨੇ ਦੀ ਤਸਕਰੀ ਵਿੱਚ ਮਦਦ ਕਰਨ ਲਈ ਫੜਿਆ ਗਿਆ ਸੀ।