
ਵਧਦਾ ਜਾ ਰਿਹੈ 'ਕੋਰੋਨਾ ਵਾਇਰਸ' ਦਾ ਕਹਿਰ
ਨਵੀਂ ਦਿੱਲੀ, 5 ਮਈ : ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 195 ਲੋਕਾਂ ਦੀ ਮੌਤ ਹੋਈ ਹੈ ਅਤੇ 3900 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇਕ ਦਿਨ ਵਿਚ ਸਾਹਮਣੇ ਆਏ ਹੁਣ ਤਕ ਦੇ ਸੱਭ ਤੋਂ ਜ਼ਿਆਦਾ ਮਾਮਲੇ ਹਨ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਨ੍ਹਾਂ ਅੰਕੜਿਆਂ ਦੀ ਜਾਣਕਾਰੀ ਦਿੰਦਿਆਂ ਇਹ ਵੀ ਕਿਹਾ ਕਿ ਕੁੱਝ ਰਾਜ ਮਾਮਲਿਆਂ ਦੀ ਸਮਾਂਬੱਧ ਜਾਣਕਾਰੀ ਨਹੀਂ ਦੇ ਰਹੇ ਜਿਸ ਦਾ ਹੁਣ ਹੱਲ ਕੀਤਾ ਜਾ ਰਿਹਾ ਹੈ।
ਦੇਸ਼ ਵਿਚ ਕੋਵਿਡ-19 ਦੀ ਹਾਲਤ ਬਾਰੇ ਪੱਤਰਕਾਰ ਸੰਮੇਲਨ ਵਿਚ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਵਿਚ ਹੁਣ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 46,711 ਅਤੇ ਮ੍ਰਿਤਕਾਂ ਦੀ ਗਿਣਤੀ 1583 'ਤੇ ਪਹੁੰਚ ਗਈ ਹੈ। ਅਗਰਵਾਲ ਨੇ ਕਿਹਾ, 'ਅਸੀਂ ਲਾਗ ਵਾਲੇ ਰੋਗ ਨਾਲ ਜੂਝ ਰਹੇ ਹਾਂ, ਇਸ ਲਈ ਮਾਮਲਿਆਂ ਦੀ ਸਮਾਂਬੱਧ ਜਾਣਕਾਰੀ ਅਤੇ ਉਨ੍ਹਾਂ ਦਾ ਪ੍ਰਬੰਧ ਬੇਹੱਦ ਜ਼ਰੂਰੀ ਹੈ ਅਤੇ ਕੁੱਝ ਰਾਜਾਂ ਵਿਚ ਇਨ੍ਹਾਂ ਖੇਤਰਾਂ ਵਿਚ ਫ਼ਰਕ ਵੇਖਿਆ ਗਿਆ।'
File photo
ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 1020 ਰੋਗੀ ਠੀਕ ਹੋਏ ਹਨ ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਹੁਣ 12,726 ਹੋ ਗਈ ਹੈ ਅਤੇ ਠੀਕ ਹੋਣ ਦੀ ਦਰ 27.41 ਫ਼ੀ ਸਦੀ ਹੈ। ਅਗਰਵਾਲ ਨੇ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ਦੇ ਪ੍ਰਬੰਧ ਵਿਚ ਅਸੀਂ ਬਹੁਤ ਸਹਿਜ ਹਾਂ ਪਰ ਫ਼ੀਲਡ ਪੱਧਰ 'ਤੇ ਕਿਸੇ ਵੀ ਢਿੱਲ ਦੇ ਨਤੀਜੇ ਸਹੀ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਲਾਗ ਵਾਲੇ ਰੋਗੀਆਂ ਦੇ ਹਰ ਸੰਪਰਕ ਦਾ ਪਤਾ ਲਾਉਣਾ ਅਤਿਅੰਤ ਜ਼ਰੂਰੀ ਹੈ।
ਅਗਰਵਾਲ ਨੇ ਕਿਹਾ ਕਿ ਪਾਬੰਦੀ ਵਾਲੇ ਖੇਤਰਾਂ ਵਿਚ ਪੈਂਦੇ ਕੇਂਦਰਾਂ ਵਿਚ ਜਾਂ ਅਤਿਅੰਤ ਗੰਭੀਰ ਸਾਹ ਸਬੰਧੀ ਲਾਗ ਦੀ ਬੀਮਾਰੀ ਅਤੇ ਇਨਫ਼ਲੂਐਂਜਾ ਜਿਹੀ ਬੀਮਾਰੀ ਦੇ ਲੱਛਣ ਅਤਿਅੰਤ ਅਹਿਮ ਡੇਟਾ ਉਪਲਭਧ ਕਰਾਉਂਦੇ ਹਨ ਅਤੇ ਅਗਲੀ ਕਾਰਵਾਈ ਲਈ ਨਿਰਦੇਸ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੇ ਨਤੀਜੇ ਬਹੁਤ ਹਾਂਪੱਖੀ ਰਹੇ ਹਨ। ਤਾਲਾਬੰਦੀ ਤੋਂ ਪਹਿਲੇ ਮਾਮਲੇ ਜਿਥੇ 3.4 ਦਿਨ ਵਿਚ ਦੁਗਣੇ ਹੋ ਰਹੇ ਸਨ, ਹੁਣ ਇਹ 12 ਦਿਨਾਂ ਵਿਚ ਹੋ ਰਿਹਾ ਹੈ। ਯਤਨਾਂ ਦੀ ਗਤੀ ਕਾਇਮ ਰੱਖਣ ਵਿਚ ਇਹ ਅਹਿਮ ਹੈ।
(ਏਜੰਸੀ)