
ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਅੰਤਰਰਾਸ਼ਟਰੀ ਵਪਾਰ ਸੰਗਠਨ ਦੇ "ਜੀਤੋ ਕਨੈਕਟ 2022" ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ
ਪੁਣੇ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਹੋਵੇ ਜਾਂ ਖੁਸ਼ਹਾਲੀ ਜਾਂ ਆਲਮੀ ਚੁਣੌਤੀਆਂ ਦਾ ਹੱਲ, ਅੱਜ ਦੁਨੀਆਂ ਭਰੋਸੇ ਨਾਲ ਭਾਰਤ ਵੱਲ ਦੇਖ ਰਹੀ ਹੈ ਅਤੇ ਭਾਰਤ ਵੀ ਵਿਸ਼ਵ ਭਲਾਈ ਦੇ ਇਕ ਵੱਡੇ ਖਿਡਾਰੀ ਦੇ ਟੀਚੇ ਨਾਲ ਅੱਗ ਵਧ ਰਿਹਾ ਹੈ। ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਅੰਤਰਰਾਸ਼ਟਰੀ ਵਪਾਰ ਸੰਗਠਨ ਦੇ "ਜੀਤੋ ਕਨੈਕਟ 2022" ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। 'ਵੋਕਲ ਫਾਰ ਲੋਕਲ' ਦੇ ਮੰਤਰ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀਆਂ ਨੂੰ ਆਜ਼ਾਦੀ ਦੇ 75 ਸਾਲ ਦੇ ਜਸ਼ਨਾਂ ਦੌਰਾਨ ਵਿਦੇਸ਼ੀ ਵਸਤੂਆਂ ਦੇ ਗੁਲਾਮ ਨਹੀਂ ਬਣਨਾ ਚਾਹੀਦਾ।
ਉਹਨਾਂ ਕਿਹਾ, “ਸਾਨੂੰ ਵਿਦੇਸ਼ੀ ਉਤਪਾਦਾਂ 'ਤੇ ਆਪਣੀ ਨਿਰਭਰਤਾ ਘਟਾਉਣੀ ਪਵੇਗੀ। ਨਿਰਯਾਤ ਲਈ ਨਵੀਆਂ ਥਾਵਾਂ ਲੱਭਣੀਆਂ ਪੈਣਗੀਆਂ, ਸਥਾਨਕ ਮੰਡੀਆਂ ਵਿਚ ਜਾਗਰੂਕਤਾ ਪੈਦਾ ਕਰਨੀ ਪਵੇਗੀ। ਉਤਪਾਦ ਜ਼ੀਰੋ ਦੋਸ਼ ਅਤੇ ਵਾਤਾਵਰਣ 'ਤੇ ਜ਼ੀਰੋ ਪ੍ਰਭਾਵ ਹੋਣੇ ਚਾਹੀਦੇ ਹਨ”। ਤਿੰਨ ਯੂਰਪੀ ਦੇਸ਼ਾਂ ਦੇ ਆਪਣੇ ਦੌਰੇ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਦੌਰਾਨ ਉਹਨਾਂ ਨੇ ਭਾਰਤ ਦੀਆਂ ਸੰਭਾਵਨਾਵਾਂ, ਸੰਕਲਪਾਂ ਅਤੇ ਮੌਕਿਆਂ ਬਾਰੇ ਕਈ ਲੋਕਾਂ ਨਾਲ ਚਰਚਾ ਕੀਤੀ। ਉਹਨਾਂ ਕਿਹਾ, '' ਜਿਸ ਤਰ੍ਹਾਂ ਦੀ ਉਮੀਦ ਅਤੇ ਵਿਸ਼ਵਾਸ ਅੱਜ ਭਾਰਤ ਖੁੱਲ੍ਹ ਕੇ ਦਿਖਾ ਰਿਹਾ ਹੈ, ਤੁਸੀਂ ਵੀ ਇਸ ਨੂੰ ਮਹਿਸੂਸ ਕਰਦੇ ਹੋ।''
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਦੇ ਵਿਕਾਸ ਸੰਕਲਪਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਦਾ ਸਾਧਨ ਮੰਨ ਰਹੀ ਹੈ। ਉਹਨਾਂ ਕਿਹਾ, “ਅੱਜ ਦੇਸ਼ ਜਿੰਨਾ ਸੰਭਵ ਹੋ ਸਕੇ ਪ੍ਰਤਿਭਾ, ਕਾਰੋਬਾਰ ਅਤੇ ਤਕਨਾਲੋਜੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਅੱਜ ਦੇਸ਼ ਹਰ ਰੋਜ਼ ਦਰਜਨਾਂ ਸਟਾਰਟਅੱਪ ਰਜਿਸਟਰ ਕਰ ਰਿਹਾ ਹੈ, ਹਰ ਹਫ਼ਤੇ ਇਕ ਯੂਨੀਕੋਰਨ ਬਣਾ ਰਿਹਾ ਹੈ”। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਵਿੱਖ ਲਈ ਭਾਰਤ ਦਾ ਰਸਤਾ ਅਤੇ ਮੰਜ਼ਿਲ ਦੋਵੇਂ ਸਪੱਸ਼ਟ ਹਨ। ਉਹਨਾਂ ਕਿਹਾ, ''ਆਤਮ-ਨਿਰਭਰ ਭਾਰਤ ਸਾਡਾ ਮਾਰਗ ਅਤੇ ਸਾਡਾ ਸੰਕਲਪ ਹੈ। ਬੀਤੇ ਸਾਲਾਂ ਵਿਚ ਅਸੀਂ ਇਸ ਦੇ ਲਈ ਹਰ ਲੋੜੀਂਦਾ ਮਾਹੌਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਹੈ। ਸਰਕਾਰੀ ਪ੍ਰਕਿਰਿਆਵਾਂ ਪਾਰਦਰਸ਼ੀ ਹੋ ਗਈਆਂ ਹਨ।"
ਉਹਨਾਂ ਕਿਹਾ ਕਿ ਜਦੋਂ ਸਰਕਾਰ ਵਿਚ ਯਤਨ ਕਰਨ ਦੀ ਇੱਛਾ ਸ਼ਕਤੀ ਅਤੇ ਲੋਕਾਂ ਦਾ ਸਹਿਯੋਗ ਹੋਵੇ ਤਾਂ ਬਦਲਾਅ ਅਟੱਲ ਹੈ। ਮੋਦੀ ਨੇ ਕਿਹਾ ਕਿ 'ਜੀਤੋ' ਦੇ ਨੌਜਵਾਨ ਮੈਂਬਰ ਨਵੀਨਤਾਕਾਰੀ ਅਤੇ ਉੱਦਮੀ ਹਨ ਅਤੇ ਉਹਨਾਂ ਨੂੰ ਕੁਦਰਤੀ ਖੇਤੀ ਵਿਚ ਜ਼ੀਰੋ ਲਾਗਤ ਵਾਲੇ ਬਜਟ, ਫੂਡ ਪ੍ਰੋਸੈਸਿੰਗ ਅਤੇ ਖੇਤੀਬਾੜੀ ਤਕਨਾਲੋਜੀ, ਰੀਸਾਈਕਲਿੰਗ ਅਤੇ ਮੁੜ ਵਰਤੋਂ, ਤਕਨਾਲੋਜੀ ਅਤੇ ਸਿਹਤ ਸੰਭਾਲ 'ਤੇ ਕੇਂਦ੍ਰਿਤ ਚੱਕਰਵਾਦੀ ਆਰਥਿਕਤਾ ਵਿਚ ਨਿਵੇਸ਼ ਕਰਨ ਲਈ ਕਿਹਾ ਹੈ। ਮੋਦੀ ਨੇ ਜੀਤੋ ਦੇ ਨੁਮਾਇੰਦਿਆਂ ਨੂੰ ਸਰਕਾਰ ਦੇ ਜੀਈਐਮ-ਮਾਰਕੀਟਪਲੇਸ ਪੋਰਟਲ ਦਾ ਅਧਿਐਨ ਕਰਨ ਲਈ ਕਿਹਾ, ਜਿੱਥੇ 40 ਲੱਖ ਵਿਕਰੇਤਾਵਾਂ ਨੇ ਰਜਿਸਟਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਇਸ ਨਵੀਂ ਪ੍ਰਣਾਲੀ ਵਿਚ ਵਿਸ਼ਵਾਸ ਹੈ।