
ਐੱਸ ਜੈਸ਼ੰਕਰ ਨੇ ਦੱਸਿਆ ਕਿ 86 ਭਾਰਤੀਆਂ ਨੂੰ ਸੂਡਾਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਰਾਹੀਂ ਲਿਆਂਦਾ ਗਿਆ
ਨਵੀਂ ਦਿੱਲੀ - ਭਾਰਤ ਨੇ ਸ਼ੁਕਰਵਾਰ ਨੂੰ 'ਆਪ੍ਰੇਸ਼ਨ ਕਾਵੇਰੀ' ਨੂੰ ਰੱਦ ਕਰ ਦਿੱਤਾ ਹੈ, ਜੋ ਕਿ ਸੰਘਰਸ਼ਗ੍ਰਸਤ ਸੂਡਾਨ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਸ਼ੁਰੂ ਕੀਤਾ ਗਿਆ ਆਪਰੇਸ਼ਨ ਸੀ ਅਤੇ ਸ਼ੁਕਰਵਾਰ ਨੂੰ 47 ਯਾਤਰੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਆਖ਼ਰੀ ਜਹਾਜ਼ ਦੇਸ਼ ਪਰਤਿਆ। ਭਾਰਤ ਨੇ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਕਾਰ ਹਿੰਸਕ ਝੜਪਾਂ ਤੋਂ ਬਾਅਦ ਸੂਡਾਨ ਤੋਂ ਅਪਣੇ ਨਾਗਰਿਕਾਂ ਨੂੰ ਕੱਢਣ ਲਈ 24 ਅਪ੍ਰੈਲ ਨੂੰ ਆਪਰੇਸ਼ਨ ਕਾਵੇਰੀ ਸ਼ੁਰੂ ਕੀਤਾ ਸੀ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਦੇ C130 ਜਹਾਜ਼ ਦੇ ਆਉਣ ਨਾਲ 'ਆਪ੍ਰੇਸ਼ਨ ਕਾਵੇਰੀ' ਰਾਹੀਂ 3,862 ਲੋਕਾਂ ਨੂੰ ਸੂਡਾਨ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ 17 ਜਹਾਜ਼ਾਂ ਦਾ ਸੰਚਾਲਨ ਕੀਤਾ ਅਤੇ ਭਾਰਤੀ ਜਲ ਸੈਨਾ ਨੇ ਪੋਰਟ ਸੂਡਾਨ ਤੋਂ ਸਾਊਦੀ ਅਰਬ ਦੇ ਜੇਦਾਹ ਤੱਕ ਭਾਰਤੀਆਂ ਨੂੰ ਲਿਜਾਣ ਲਈ ਪੰਜ ਗੇੜੇ ਲਗਾਏ।
ਐੱਸ ਜੈਸ਼ੰਕਰ ਨੇ ਦੱਸਿਆ ਕਿ 86 ਭਾਰਤੀਆਂ ਨੂੰ ਸੂਡਾਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਰਾਹੀਂ ਲਿਆਂਦਾ ਗਿਆ। ਉਨ੍ਹਾਂ ਨੇ ਸੂਡਾਨ ਤੋਂ ਲਿਆਂਦੇ ਭਾਰਤੀਆਂ ਦੀ ਮੇਜ਼ਬਾਨੀ ਅਤੇ ਨਿਕਾਸੀ ਪ੍ਰਕਿਰਿਆ ਵਿਚ ਮਦਦ ਕਰਨ ਲਈ ਸਾਊਦੀ ਅਰਬ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਚਾਡ, ਮਿਸਰ, ਫਰਾਂਸ, ਦੱਖਣੀ ਸੂਡਾਨ, ਯੂਏਈ, ਯੂਕੇ, ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦਾ ਵੀ ਧੰਨਵਾਦ ਕੀਤਾ। ਵਿਦੇਸ਼ ਮੰਤਰੀ ਨੇ ਕਿਹਾ, "ਵਿਦੇਸ਼ ਵਿਚ ਸਾਰੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਚਨਬੱਧਤਾ ਸਾਡੀ ਪ੍ਰੇਰਣਾ ਹੈ।"