ਇਸ ਦੌਰਾਨ ਉਨ੍ਹਾਂ ਨੇ ਅਤਿਵਾਦੀਆਂ ਖ਼ਿਲਾਫ਼ ਮੁਹਿੰਮ 'ਚ ਲੱਗੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ।
ਰਾਜੌਰੀ/ਜੰਮੂ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਅਤੇ ਪੁੰਛ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਅਕਤੂਬਰ 2021 ਤੋਂ ਇਨ੍ਹਾਂ ਜ਼ਿਲ੍ਹਿਆਂ ਵਿਚ ਅਤਿਵਾਦੀਆਂ ਦੁਆਰਾ ਕੀਤੇ ਗਏ ਅੱਠ ਹਮਲਿਆਂ ਵਿਚ 26 ਸੈਨਿਕਾਂ ਸਮੇਤ ਕੁੱਲ 35 ਲੋਕ ਆਪਣੀ ਜਾਨ ਗੁਆ ਚੁਕੇ ਹਨ।
ਰਾਜਨਾਥ ਸਿੰਘ ਨੇ ਸ਼ੁਕਰਵਾਰ ਨੂੰ ਰਾਜੌਰੀ ਜ਼ਿਲ੍ਹੇ ਦੇ ਕੰਢੀ ਜੰਗਲੀ ਖੇਤਰ ਦਾ ਦੌਰਾ ਕੀਤਾ, ਜਿਸ ਦੇ ਇਕ ਦਿਨ ਬਾਅਦ ਫੌਜ ਵਲੋਂ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਅਤਿਵਾਦੀਆਂ ਵਲੋਂ ਕੀਤੇ ਗਏ ਧਮਾਕੇ ਵਿਚ 5 ਜਵਾਨ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜਨਾਥ ਸਿੰਘ ਕੁਝ ਦੇਰ ਜੰਮੂ 'ਚ ਰਹੇ ਅਤੇ ਫਿਰ ਫੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਨਾਲ ਰਾਜੌਰੀ 'ਚ 'ਏਸ ਆਫ ਸਪੇਡਸ ਡਿਵੀਜ਼ਨ' ਹੈੱਡਕੁਆਰਟਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਅਤਿਵਾਦੀਆਂ ਖ਼ਿਲਾਫ਼ ਮੁਹਿੰਮ 'ਚ ਲੱਗੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ।
ਰਾਜੌਰੀ ਜ਼ਿਲ੍ਹੇ ਦੇ ਕੰਢੀ ਜੰਗਲੀ ਖੇਤਰ 'ਚ ਸ਼ੁੱਕਰਵਾਰ ਨੂੰ ਫੌਜ ਦੇ ਅਤਿਵਾਦ ਵਿਰੋਧੀ ਆਪਰੇਸ਼ਨ 'ਆਪਰੇਸ਼ਨ ਤ੍ਰਿਨੇਤਰ' ਦੌਰਾਨ ਅਤਿਵਾਦੀਆਂ ਵਲੋਂ ਕੀਤੇ ਗਏ ਧਮਾਕੇ 'ਚ 5 ਜਵਾਨ ਸ਼ਹੀਦ ਹੋ ਗਏ ਅਤੇ ਇਕ ਉੱਚ ਅਧਿਕਾਰੀ ਜ਼ਖਮੀ ਹੋ ਗਿਆ। ਸ਼ਨੀਵਾਰ ਸਵੇਰੇ ਤਲਾਸ਼ੀ ਅਭਿਆਨ ਵਿਚ ਲੁਕੇ ਹੋਏ ਇਕ ਅਤਿਵਾਦੀ ਦੇ ਮਾਰੇ ਜਾਣ ਅਤੇ ਇਕ ਦੇ ਜਖਞਮੀ ਹੋਣ ਦੀ ਖ਼ਬਰ ਸਾਹਮਣੇ ਆਈ।
ਅਧਿਕਾਰੀਆਂ ਮੁਤਾਬਕ ਜਨਰਲ ਮਨੋਜ ਪਾਂਡੇ ਰੱਖਿਆ ਮੰਤਰੀ ਤੋਂ ਕੁੱਝ ਸਮਾਂ ਪਹਿਲਾਂ ਹੀ ਦਿੱਲੀ ਤੋਂ ਜੰਮੂ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਵ੍ਹਾਈਟ ਨਾਈਟ ਕੋਰ ਦੇ ਕੋਰ ਕਮਾਂਡਰ ਅਤੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਨੇ ਵੀ ਰਾਜਨਾਥ ਦੇ ਨਾਲ ਰਾਜੌਰੀ ਦਾ ਦੌਰਾ ਕੀਤਾ।
ਅਧਿਕਾਰੀਆਂ ਅਨੁਸਾਰ ਜੰਮੂ ਪਰਤਣ ਤੋਂ ਪਹਿਲਾਂ ਰੱਖਿਆ ਮੰਤਰੀ ਨੂੰ ਕੰਢੀ ਦੇ ਜੰਗਲੀ ਖੇਤਰ ਵਿਚ ਚੱਲ ਰਹੇ ਅਪਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਜੰਮੂ-ਕਸ਼ਮੀਰ ਖਾਸ ਕਰਕੇ ਰਾਜੌਰੀ ਅਤੇ ਪੁੰਛ ਵਿਚ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਇਸ ਤੋਂ ਪਹਿਲਾਂ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਦਿਵੇਦੀ ਨੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਕਮਾਂਡਰਾਂ ਵਲੋਂ 'ਆਪਰੇਸ਼ਨ ਤ੍ਰਿਨੇਤਰ' ਦੇ ਤਾਜ਼ਾ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ।