
ਰਾਫੇਲ, ਐਸ.ਯੂ.-30 ਐਮ.ਕੇ.ਆਈ., ਮਿਗ-29, ਮਿਰਾਜ-2000, ਤੇਜਸ ਅਤੇ ਅਵਾਕਸ ਇਸ ਅਭਿਆਸ ਵਿਚ ਸ਼ਾਮਲ ਹੋਣਗੇ
ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਬੁਧਵਾਰ ਤੋਂ ਪਾਕਿਸਤਾਨ ਨਾਲ ਲਗਦੀ ਸਰਹੱਦ ’ਤੇ ਦੋ ਦਿਨਾਂ ਵਿਸ਼ਾਲ ਫ਼ੌਜੀ ਅਭਿਆਸ ਕਰੇਗੀ, ਜਿਸ ’ਚ ਰਾਫੇਲ, ਐੱਸ.ਯੂ.-30 ਅਤੇ ਜੈਗੁਆਰ ਜਹਾਜ਼ਾਂ ਸਮੇਤ ਸਾਰੇ ਪ੍ਰਮੁੱਖ ਲੜਾਕੂ ਜਹਾਜ਼ ਸ਼ਾਮਲ ਹੋਣਗੇ।
ਇਹ ਅਭਿਆਸ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੇ ਵਿਚਕਾਰ ਹੋ ਰਿਹਾ ਹੈ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨੇ ਪਹਿਲਾਂ ਹੀ ਭਾਰਤ-ਪਾਕਿਸਤਾਨ ਸਰਹੱਦ ਦੇ ਦਖਣੀ ਅਤੇ ਪਛਮੀ ਹਿੱਸੇ ’ਤੇ ਹੋਣ ਵਾਲੇ ਵੱਡੇ ਹਵਾਈ ਅਭਿਆਸ ਲਈ ਏਅਰਮੈਨ ਨੂੰ ਨੋਟਿਸ (ਨੋਟਾਮ) ਜਾਰੀ ਕੀਤਾ ਹੈ।
ਸੂਤਰਾਂ ਨੇ ਦਸਿਆ ਕਿ ਰਾਫੇਲ, ਐਸ.ਯੂ.-30 ਐਮ.ਕੇ.ਆਈ., ਮਿਗ-29, ਮਿਰਾਜ-2000, ਤੇਜਸ ਅਤੇ ਅਵਾਕਸ (ਹਵਾਈ ਚੇਤਾਵਨੀ ਅਤੇ ਕੰਟਰੋਲ ਸਿਸਟਮ) ਜਹਾਜ਼ਾਂ ਸਮੇਤ ਭਾਰਤ ਦੇ ਪ੍ਰਮੁੱਖ ਲੜਾਕੂ ਜਹਾਜ਼ ਇਸ ਅਭਿਆਸ ਵਿਚ ਸ਼ਾਮਲ ਹੋਣਗੇ। ਅਧਿਕਾਰੀਆਂ ਨੇ ਦਸਿਆ ਕਿ ਅਭਿਆਸ ਦੌਰਾਨ ਭਾਰਤੀ ਹਵਾਈ ਫੌਜ ਜ਼ਮੀਨ ਅਤੇ ਹਵਾ ’ਚ ਦੁਸ਼ਮਣ ਦੇ ਟਿਕਾਣਿਆਂ ਦੀ ਨਕਲ ਕਰੇਗੀ। ਦੋਹਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਹਾਂ ਦੀਆਂ ਫੌਜਾਂ ਉੱਚ ਚੌਕਸੀ ’ਤੇ ਹਨ।
ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਹਵਾਈ ਫ਼ੌਜ ਮੁਖੀ ਨੇ ਉਨ੍ਹਾਂ ਨੂੰ ਭਾਰਤੀ ਹਵਾਈ ਫੌਜ ਦੀ ਸੰਚਾਲਨ ਤਿਆਰੀ ਬਾਰੇ ਜਾਣਕਾਰੀ ਦਿਤੀ। ਸਨਿਚਰਵਾਰ ਨੂੰ ਸਮੁੰਦਰੀ ਫ਼ੌਜ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਪ੍ਰਧਾਨ ਮੰਤਰੀ ਨੂੰ ਅਰਬ ਸਾਗਰ ਦੇ ਨਾਜ਼ੁਕ ਸਮੁੰਦਰੀ ਮਾਰਗਾਂ ਦੀ ਸਮੁੱਚੀ ਸਥਿਤੀ ਤੋਂ ਜਾਣੂ ਕਰਵਾਇਆ।