
ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਮਾਮਲੇ 'ਚ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ
ਤਿਰੁਅਨੰਤਪੁਰਮ, 5 ਜੂਨ : ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਮਾਮਲੇ 'ਚ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਨਿਯੁਕਤ ਕੀਤੀਆਂ ਹਨ। ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਕੇਰਲ ਦੇ ਜੰਗਲਾਤ ਮੰਤਰੀ ਕੇ ਰਾਜੂ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀ ਘਟਨਾ ਕਦੀ ਦੁਬਾਰਾ ਨਾ ਹੋਵੇ। ਇਸ ਤੋਂ ਪਹਿਲਾਂ ਗਰਭਵਤੀ ਹਥਣੀ ਦੀ ਮੌਤ ਦੇ ਮਾਮਲੇ 'ਚ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਤਿੰਨ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਗਈ।
ਅਧਿਕਾਰੀਆਂ ਨੇ ਜਾਂਚ ਸਹੀ ਦਿਸ਼ਾ 'ਚ ਵਧਣ ਦੀ ਗੱਲ ਕਹੀ ਹੈ। ਕੇਰਲ 'ਚ ਸਾਈਲੈਂਟ ਵੈਲੀ ਨੈਸ਼ਨਲ ਪਾਰਕ ਦੀ ਇਕ ਗਰਭਵਤੀ ਹਥਣੀ ਨੂੰ ਕੁੱਝ ਲੋਕਾਂ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿਤਾ ਸੀ। ਅਨਾਨਾਸ ਖਾਂਦਿਆਂ ਹੀ ਉਸ ਨਾਲ ਹੋਏ ਧਮਾਕੇ ਨਾਲ ਹਥਣੀ ਦਾ ਜਬਾੜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਪੂਰੇ ਹਫ਼ਤੇ ਬਾਅਦ 27 ਮਈ ਨੂੰ ਮਲਮਪੁਰਮ 'ਚ ਵੈੱਲੀਆਰ ਨਦੀ 'ਚ ਹਥਣੀ ਦੀ ਮੌਤ ਹੋ ਗਈ ਸੀ।
File Photo
ਪੋਸਟਮਾਰਟਮ ਰਿਪੋਰਟ 'ਚ ਪਤਾ ਲੱਗਾ ਕਿ ਹਥਣੀ ਗਰਭਵਤੀ ਸੀ। ਮਾਮਲਾ ਸਾਹਮਣੇ ਆਉਂਦਿਆਂ ਹੀ ਲੋਕਾਂ 'ਚ ਰੋਸ ਫੈਲ ਗਿਆ। ਹਰ ਪਾਸੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਆਵਾਜ਼ ਉੱਠ ਰਹੀ ਹੈ। ਕੇਰਲ ਸਰਕਾਰ ਨੇ ਜਾਂਚ ਲਈ ਵਣ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਵਣ ਵਿਭਾਗ ਨੇ ਟਵੀਟ ਕਰ ਕੇ ਕਿਹਾ, ' ਹਥਣੀ ਦੀ ਮੌਤ ਦੇ ਮਾਮਲੇ 'ਚ ਵਣ ਜੀਵ ਸਾਂਭ-ਸੰਭਾਲ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਵਣ ਵਿਭਾਗ ਕੋਈ ਕਸਰ ਨਹੀਂ ਛਡੇਗਾ'। (ਏਜੰਸੀ)