
9 ਜੂਨ ਤੱਕ ਹਿਰਾਸਤ 'ਚ ਲਏ ਦਿੱਲੀ ਦੇ ਸਿਹਤ ਮੰਤਰੀ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸੋਮਵਾਰ ਸਵੇਰੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਘਰ ਸਮੇਤ 7 ਥਾਵਾਂ 'ਤੇ ਛਾਪੇਮਾਰੀ ਕੀਤੀ। ਸਤੇਂਦਰ ਜੈਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ ਅਤੇ ਉਹ 9 ਜੂਨ ਤੱਕ ਈਡੀ ਦੀ ਹਿਰਾਸਤ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੈਨ ਦੇ ਘਰ ਅਤੇ ਦਿੱਲੀ 'ਚ ਕੁਝ ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਸਤੇਂਦਰ ਜੈਨ (57) ਨੂੰ 30 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Satyendra Kumar Jain
ਜੈਨ, ਉਨ੍ਹਾਂ ਦੀ ਪਤਨੀ ਪੂਨਮ ਜੈਨ ਅਤੇ ਹੋਰਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜੈਨ ਨੇ ਕਥਿਤ ਤੌਰ 'ਤੇ ਦਿੱਲੀ ਵਿੱਚ ਕਈ ਸ਼ੈੱਲ ਕੰਪਨੀਆਂ ਬਣਾਈਆਂ ਜਾਂ ਖਰੀਦੀਆਂ ਸਨ। ਉਨ੍ਹਾਂ ਨੇ ਕੋਲਕਾਤਾ ਦੇ ਤਿੰਨ ਹਵਾਲਾ ਆਪਰੇਟਰਾਂ ਤੋਂ 54 ਸ਼ੈੱਲ ਕੰਪਨੀਆਂ ਰਾਹੀਂ 16.39 ਕਰੋੜ ਦਾ ਕਾਲਾ ਧਨ ਟ੍ਰਾਂਸਫਰ ਕੀਤਾ।
Satyendra Kumar Jain
ਮੰਤਰੀ ਸਤੇਂਦਰ ਜੈਨ ਨੂੰ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਕੇਸ 'ਚ ED ਵਲੋਂ ਅਗਸਤ 2017 ਵਿੱਚ ਦਰਜ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ ਮਹੀਨੇ ਈਡੀ ਨੇ ਜੈਨ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। 2018 ਵਿੱਚ ਵੀ ਈਡੀ ਨੇ ਇਸ ਮਾਮਲੇ ਵਿੱਚ ਸਤੇਂਦਰ ਜੈਨ ਤੋਂ ਪੁੱਛਗਿੱਛ ਕੀਤੀ ਸੀ।
CBI
ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਦਾ ਵੱਡਾ ਕਾਰਨ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਜਾਂਚ ਵਿੱਚ ਈਡੀ ਨੂੰ ਸਹਿਯੋਗ ਨਹੀਂ ਦੇ ਰਹੇ ਸਨ। ਮਾਮਲੇ ਨਾਲ ਜੁੜੀ ਜਾਣਕਾਰੀ ਨੂੰ ਜਾਂਚ ਏਜੰਸੀ ਤੋਂ ਲੁਕਾਇਆ ਜਾ ਰਿਹਾ ਸੀ। ਇਸ ਕੇਸ ਨੂੰ ਚਲਦੇ ਕਰੀਬ ਅੱਠ ਸਾਲ ਹੋ ਗਏ ਹਨ। ਸਤੇਂਦਰ ਜੈਨ ਦੀ ਹਿਰਾਸਤ ਤੋਂ ਬਾਅਦ ਉਨ੍ਹਾਂ ਦਾ ਸਾਰਾ ਚਾਰਜ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਸੌਂਪ ਦਿੱਤਾ ਗਿਆ ਹੈ।