
ਬੰਬ ਧਮਾਕੇ 'ਚ ਸੰਕਟ ਮੋਚਨ ਮੰਦਰ 'ਚ 7 ਅਤੇ ਰੇਲਵੇ ਕੈਂਟ 'ਚ 11 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 35 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
ਲਖਨਊ - ਵਾਰਾਣਸੀ ਸੀਰੀਅਲ ਬਲਾਸਟ ਮਾਮਲੇ ਵਿੱਚ ਗਾਜ਼ੀਆਬਾਦ ਅਦਾਲਤ ਨੇ ਅੱਜ ਸਜ਼ਾ ਸੁਣਾ ਦਿੱਤੀ ਹੈ। 16 ਸਾਲ ਬਾਅਦ ਅਦਾਲਤ ਨੇ ਅੱਤਵਾਦੀ ਵਲੀਉੱਲਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ 7 ਮਾਰਚ 2006 ਨੂੰ ਵਾਰਾਣਸੀ ਦੇ ਸੰਕਟ ਮੋਚਨ ਮੰਦਿਰ, ਰੇਲਵੇ ਕੈਂਟ ਅਤੇ ਦਸ਼ਾਸ਼ਵਮੇਧ ਘਾਟ 'ਤੇ ਲੜੀਵਾਰ ਬੰਬ ਧਮਾਕੇ ਹੋਏ ਸਨ। ਇਸ ਲੜੀਵਾਰ ਬੰਬ ਧਮਾਕੇ 'ਚ ਸੰਕਟ ਮੋਚਨ ਮੰਦਰ 'ਚ 7 ਅਤੇ ਰੇਲਵੇ ਕੈਂਟ 'ਚ 11 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 35 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।
ਵਾਰਾਣਸੀ ਵਿਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਪੁਲਿਸ ਦੀ ਜਾਂਚ ਦੌਰਾਨ ਮੁਲਜ਼ਮਾਂ ਦੇ ਨਾਂ ਸਾਹਮਣੇ ਆਏ। ਵਲੀਉੱਲਾ ਤੋਂ ਇਲਾਵਾ ਬਸ਼ੀਰ, ਜ਼ਕਰੀਆ, ਮੁਸਤਫਿਜ਼ ਅਤੇ ਮੁਹੰਮਦ ਜ਼ੁਬੈਰ ਵੀ ਤਿੰਨੋਂ ਮਾਮਲਿਆਂ 'ਚ ਦੋਸ਼ੀ ਸਨ। 9 ਮਈ, 2006 ਨੂੰ ਮੁਹੰਮਦ ਜ਼ੁਬੈਰ ਜੰਮੂ-ਕਸ਼ਮੀਰ ਵਿੱਚ ਐਲਓਸੀ ਦੇ ਨਾਲ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਉਹ ਬਾਗਪਤ ਦੇ ਟਾਡਾ ਪਿੰਡ ਦਾ ਰਹਿਣ ਵਾਲਾ ਸੀ। ਬਸ਼ੀਰ, ਜ਼ਕਰੀਆ, ਮੁਸਤਫਿਜ਼ ਜੋ ਬੰਗਲਾਦੇਸ਼ ਦਾ ਵਸਨੀਕ ਹੈ। ਪੁਲਿਸ ਅਜੇ ਤੱਕ ਉਸ ਨੂੰ ਨਹੀਂ ਫੜ ਪਾਈ।
ਦੱਸ ਦਈਏ ਕਿ 23 ਮਈ ਨੂੰ ਗਾਜ਼ੀਆਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਵਾਰਾਣਸੀ ਬੰਬ ਕਾਂਡ ਦੀ ਸੁਣਵਾਈ ਪੂਰੀ ਹੋਈ ਸੀ। ਅਦਾਲਤ ਨੇ ਸਜ਼ਾ ਸੁਣਾਉਣ ਲਈ 4 ਜੂਨ ਦੀ ਤਰੀਕ ਤੈਅ ਕੀਤੀ ਸੀ ਪਰ ਸਜ਼ਾ ਸੋਮਵਾਰ ਨੂੰ ਸੁਣਾਈ ਗਈ। ਵਾਰਾਣਸੀ ਬੰਬ ਕਾਂਡ ਦੀ ਸੁਣਵਾਈ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੁਮਾਰ ਸਿਨਹਾ ਦੀ ਅਦਾਲਤ ਵਿੱਚ ਹੋਈ। ਸੁਣਵਾਈ ਦੌਰਾਨ ਬੰਬ ਕਾਂਡ ਦੇ ਮੁਲਜ਼ਮ ਵਲੀਉੱਲਾ ਨੂੰ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ। 5 ਅਪ੍ਰੈਲ 2006 ਨੂੰ, ਯੂਪੀ ਪੁਲਿਸ ਨੇ ਪ੍ਰਯਾਗਰਾਜ ਜ਼ਿਲ੍ਹੇ ਦੇ ਫੂਲਪੁਰ ਪਿੰਡ ਦੇ ਵਸਨੀਕ ਵਲੀਉੱਲਾ ਨੂੰ ਗ੍ਰਿਫਤਾਰ ਕੀਤਾ ਸੀ।