
100 ਤੋਂ ਵੱਧ ਲਾਸ਼ਾਂ ਦੀ ਪਛਾਣ ਨਹੀਂ ਹੋਈ, ਡੀ.ਐਨ.ਏ. ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ
ਭੁਵਨੇਸ਼ਵਰ, 5 ਜੂਨ: ਰੇਲਵੇ ਨੇ ਸੋਮਵਾਰ ਨੂੰ ਕਿਹਾ ਕਿ ਓਡੀਸਾ ਰੇਲ ਹਾਦਸੇ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ 278 ਹੋ ਗਈ ਹੈ ਕਿਉਂਕਿ ਗੰਭੀਰ ਜ਼ਖ਼ਮੀ ਤਿੰਨ ਹੋਰ ਸਵਾਰੀਆਂ ਦੀ ਮੌਤ ਹੋ ਗਈ ਹੈ। ਖੁਰਦਾ ਰੋਡ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐਮ.) ਰਿਕੇਸ਼ ਰੋਏ ਨੇ ਦਸਿਆ ਹੈ ਕਿ ਇਸ ਹਾਦਸੇ ’ਚ 1100 ਲੋਕ ਜ਼ਖ਼ਮੀ ਹੋਏ ਹਨ।
ਇਸ ਤੋਂ ਪਹਿਲਾਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਸਾਬਕਾ ਰੇਲ ਮੰਤਰੀ ਮਮਤਾ ਬੈਨਰਜੀ ਨੇ ਅੰਕੜਿਆਂ ’ਤੇ ਸਵਾਲ ਚੁਕਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਸੂਬੇ ਤੋਂ ਹੀ 61 ਲੋਕ ਮਾਰੇ ਗੲੈ ਹਨ ਅਤੇ 182 ਹੋਰ ਅਜੇ ਵੀ ਲਾਪਤਾ ਹਨ।
ਹਾਦਸੇ ’ਚ ਜਾਨ ਗੁਆਉਣ ਵਾਲੇ 100 ਤੋਂ ਵੱਧ ਲੋਕਾਂ ਦੀਆਂ ਲਾਸ਼ਾਂ ਦੀ ਅਜੇ ਤਕ ਸ਼ਨਾਖਤ ਨਹੀਂ ਹੋ ਸਕੀ ਹੈ ਜੋ ਕਿ ਵੱਖੋ-ਵੱਖ ਹਸਪਤਾਲਾਂ ਦੇ ਮੁਰਦਘਰਾਂ ’ਚ ਪਈਆਂ ਹਨ। ਭੁਵਨੇਸ਼ਵਰ ਸਥਿਤ ਏਮਜ਼ ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਲਾਸ਼ਾਂ ਦੀ ਪਛਾਣ ਦਾ ਦਾਅਵਾ ਕਰਨ ਵਾਲਿਆਂ ’ਚੋਂ ਹੁਣ ਤਕ 10 ਲੋਕਾਂ ਦੇ ਡੀ.ਐਨ.ਏ. ਨਮੂਨੇ ਇਕੱਠੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਹੁਣ ਪੰਜ ਕੰਟੇਨਰਾਂ ’ਚ ਤਬਦੀਲ ਕਰ ਦਿਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਲੰਮੇ ਸਮੇਂ ਤਕ ਸੁਰੱਖਿਅਤ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਡੀ.ਐਨ.ਏ. ਨਮੂਨੇ ਲੈਣ ਤੋਂ ਬਾਅਦ ਲਾਸ਼ਾਂ ਨੂੰ ਉਚਿਤ ਲੋਕਾਂ ਨੂੰ ਸੌਂਪਣ ਦੀ ਜਾਂ ਉਨ੍ਹਾਂ ਦਾ ਸਸਕਾਰ ਕਰਨ ਦੀ ਹੁਣ ਕੋਈ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਨ੍ਹਾਂ ਨੂੰ ਛੇ ਮਹੀਨਿਆਂ ਤਕ ਕੰਟੇਨਰ ’ਚ ਸੁਰਖਿਅਤ ਕੀਤਾ ਜਾ ਸਕਦਾ ਹੈ।
ਏਮਜ਼ ਦੇ ਡਾਕਟਰ ਪ੍ਰਵਾਸ ਤ੍ਰਿਪਾਠੀ ਨੇ ਕਿਹਾ ਕਿ ਵਿਸਤ੍ਰਿਤ ਜਾਂਚ ਤੋਂ ਬਾਅਦ ਹੀ ਲਾਸ਼ਾਂ ਨੂੰ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਤੋਂ ਵਧ ਪਰਿਵਾਰ ਇਕ ਹੀ ਲਾਸ਼ ’ਤੇ ਦਾਅਵਾ ਕਰ ਰਹੇ ਹਨ, ਜਿਸ ਕਰਕੇ ਡੀ.ਐਨ.ਏ. ਨਮੂਨਿਆਂ ਦੀ ਜਾਂਚ ਰੀਪੋਰਟ ਆਉਣ ’ਚ 7 ਤੋਂ 10 ਦਿਨ ਦਾ ਸਮਾਂ ਲਗ ਸਕਦਾ ਹੈ।
ਮ੍ਰਿਤਕਾਂ ’ਚੋਂ ਜ਼ਿਆਦਾਤਰ ਪਛਮੀ ਬੰਗਾਲ, ਬਿਹਾਰ, ਝਾਰਖੰਡ, ਆਂਧਰ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਇਲਾਵਾ ਓਡੀਸ਼ਾ ਦੇ ਰਹਿਣ ਵਾਲੇ ਹਨ।