
ਪਾਣੀ ਨੂੰ ਬਚਾਉਣ ਲਈ ਹੰਭਲਾ ਮਾਰਨ ਵਾਲੇ 'ਵਾਟਰਮੈਨ' ਵਜੋਂ ਮਸ਼ਹੂਰ ਰਾਜਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਗੰਗਾ ਨਦੀ ਦੀ ਹਾਲਤ ਬਹੁਤ ਖ਼ਰਾਬ ਹੈ.........
ਦੇਹਰਾਦੂਨ : ਪਾਣੀ ਨੂੰ ਬਚਾਉਣ ਲਈ ਹੰਭਲਾ ਮਾਰਨ ਵਾਲੇ 'ਵਾਟਰਮੈਨ' ਵਜੋਂ ਮਸ਼ਹੂਰ ਰਾਜਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਗੰਗਾ ਨਦੀ ਦੀ ਹਾਲਤ ਬਹੁਤ ਖ਼ਰਾਬ ਹੈ ਅਤੇ ਮੋਦੀ ਸਰਕਾਰ ਦੇ ਚਾਰ ਸਾਲ ਦੇ ਸ਼ਾਸਨ ਵਿਚ ਹਰਦੁਆਰ ਤੋਂ ਲੈ ਕੇ ਗੰਗਾ ਸਾਗਰ ਤਕ ਇਸ ਨੂੰ ਪੁਨਰਜੀਵਨ ਦੇਣ ਦਾ ਕੰਮ ਸ਼ੁਰੂ ਨਹੀਂ ਹੋਇਆ।
ਉਨ੍ਹਾਂ ਕਿਹਾ, 'ਮਾਂ ਗੰਗਾ ਦੀ ਹਾਲਤ ਬਹੁਤ ਖ਼ਰਾਬ ਹੈ। ਮੋਦੀ ਸਰਕਾਰ ਚਾਰ ਸਾਲ ਤੋਂ ਸ਼ਾਸਨ ਵਿਚ ਹੈ ਅਤੇ ਮੈਂ ਕਹਿ ਸਕਦਾ ਹਾਂ ਕਿ ਹਰਦੁਆਰ ਤੋਂ ਲੈ ਕੇ ਗੰਗਾ ਸਾਗਰ ਤਕ ਇਸ ਅਰਸੇ ਦੌਰਾਨ ਨਵਾਂ ਜੀਵਨ ਦੇਣ ਦਾ ਕੰਮ ਸ਼ੁਰੂ ਨਹੀਂ ਹੋਇਆ।'
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਿੱਧੇ ਰੂਪ ਵਿਚ ਨਿਸ਼ਾਨਾ ਬਣਾਉਂਦਿਆਂ ਕਿਹਾ, 'ਜਿਹੜੇ ਲੋਕ ਖ਼ੁਦ ਨੂੰ ਮਾਂ ਗੰਗਾ ਦਾ ਪੁੱਤਰ ਦਸਦੇ ਸਨ, ਉਹ ਉਸ ਨੂੰ ਭੁੱਲ ਗਏ ਹਨ।' ਮੈਗਾਸਾਸੇ ਪੁਰਸਕਾਰ ਨਾਲ ਨਵਾਜੇ ਗਏ ਰਾਜਿੰਦਰ ਸਿੰਘ ਨੇ ਕਿਹਾ ਕਿ ਮਾਰਚ 2019 ਤਕ ਇਸ ਨਦੀ ਨੂੰ ਸਾਫ਼ ਕਰਨ ਦਾ ਕੇਂਦਰ ਦਾ ਦਾਅਵਾ ਪੂਰਾ ਹੋਣਾ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਇਸ ਦਿਸ਼ਾ ਵਿਚ ਕੁੱਝ ਨਹੀਂ ਕੀਤਾ ਗਿਆ।
ਨਦੀਆਂ ਨੂੰ ਬਚਾਉਣ ਲਈ ਕੰਮ ਕਰਨ ਵਾਲੇ ਵਾਟਰਮੈਨ ਨੇ ਰਿਸਪਨਾ ਅਤੇ ਬਿੰਦਲ ਨਦੀਆਂ ਨੂੰ ਪੁਨਰਜੀਵਤ ਕਰਨ ਲਈ ਉਤਰਾਖੰਡ ਸਰਕਾਰ ਦੀ ਕੋਸ਼ਿਸ਼ ਵਿਚ ਹਰ ਮਦਦ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਚਟਾਨਾਂ ਨੂੰ ਕੱਟੇ ਜਾਣ ਤੋਂ ਪਹਿਲਾਂ ਨਦੀ ਦੇ ਕੰਢਿਆਂ 'ਤੇ ਕੰਧਾਂ ਬਣਾਉਣਾ ਠੀਕ ਹੋਵੇਗਾ। (ਏਜੰਸੀ)