
2 ਘੰਟੇ ਪਏ ਮੀਂਹ ਕਾਰਨ ਘਰਾਂ ਵਿਚ ਦਾਖ਼ਲ ਹੋਇਆ ਪਾਣੀ, ਆਵਾਜਾਈ ਪ੍ਰਭਾਵਿਤ
ਚੰਡੀਗੜ੍ਹ : ਮਾਨਸੂਨ ਦੀ ਅਜੇ ਸ਼ੁਰੂਆਤ ਹੀ ਹੋਈ ਹੈ ਪਰ ਇਹ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦੇ ਹੀ ਰਹੀ ਹੈ ਨਾਲ ਹੀ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਰਹੀ ਹੈ। ਕਈ ਸੈਕਟਰਾਂ ਵਿੱਚ ਮੀਂਹ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਸ਼ਹਿਰ ਦੀਆਂ ਕਲੋਨੀਆਂ ਦੀ ਹਾਲਤ ਹੋਰ ਵੀ ਮਾੜੀ ਹੈ। ਉੱਥੇ ਹੀ ਬਰਸਾਤੀ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਘਰਾਂ ਵਿੱਚ ਦਾਖਲ ਹੋ ਰਿਹਾ ਹੈ।
Roads in Chandigarh submerged during heavy rains
ਸ਼ਹਿਰ ਦੇ ਕਈ ਸੈਕਟਰਾਂ ਦੀਆਂ ਸੜਕਾਂ ਦੋ ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ। ਲੋਕਾਂ ਨੂੰ ਕਾਰਾਂ ਚਲਾਉਣਾ ਔਖਾ ਹੋ ਰਿਹਾ ਹੈ। ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਬੰਦ ਹੋ ਰਹੇ ਹਨ ਅਤੇ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਸ਼ਹਿਰ ਦੇ ਕਈ ਲਾਈਟ ਪੁਆਇੰਟ ਬੰਦ ਪਏ ਹਨ। ਅਜਿਹੇ 'ਚ ਪਾਣੀ ਭਰਨ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Roads in Chandigarh submerged during heavy rains
ਸੈਕਟਰ 40/41 ਚੌਕ ਅਤੇ ਸੈਕਟਰ 36/37 ਦੇ ਲਾਈਟ ਪੁਆਇੰਟ ਸਮੇਤ ਹੋਰ ਕਈ ਥਾਵਾਂ ’ਤੇ ਪਾਣੀ ਭਰਨ ਦੀ ਵੱਡੀ ਸਮੱਸਿਆ ਬਣ ਗਈ ਹੈ। ਇਸ ਦੇ ਨਾਲ ਹੀ ਕਈ ਸੈਕਟਰਾਂ ਦੀਆਂ ਗਲੀਆਂ ਵਿੱਚ ਪਾਣੀ ਇੰਨਾ ਭਰ ਗਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਬਰਸਾਤ ਦਾ ਪਾਣੀ ਸੈਕਟਰ 38 ਦੇ ਘਰਾਂ ਵਿੱਚ ਦਾਖਲ ਹੋਣ ਕਾਰਨ ਉਨ੍ਹਾਂ ਦਾ ਫਰਨੀਚਰ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਇਹੋ ਹਾਲ ਹੋਰ ਸੈਕਟਰਾਂ ਅਤੇ ਕਲੋਨੀਆਂ ਦਾ ਵੀ ਹੈ। ਲੋਕ ਬਾਲਟੀਆਂ ਨਾਲ ਪਾਣੀ ਕੱਢਣ ਲਈ ਮਜਬੂਰ ਹੋਰ ਰਹੇ ਹਨ।
Roads in Chandigarh submerged during heavy rains
ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਨੇ ਦਾਅਵਾ ਕੀਤਾ ਸੀ ਕਿ 85 ਫੀਸਦੀ ਸੜਕਾਂ ਦੀ ਸਫ਼ਾਈ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਵੀ ਜਲਦੀ ਹੀ ਸਾਫ਼ ਕਰ ਦਿੱਤਾ ਜਾਵੇਗਾ। ਹਾਲਾਂਕਿ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਸ਼ਹਿਰ ਪਾਣੀ-ਪਾਣੀ ਹੋਇਆ ਪਿਆ ਹੈ। ਬਰਸਾਤ ਦੇ ਪਾਣੀ ਦੀ ਨਿਕਾਸੀ ਹੋਣ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ। ਅਜਿਹੇ 'ਚ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਸੈਕਟਰ 17 ਬੱਸ ਸਟੈਂਡ ਰੋਡ, ਮੱਧ ਮਾਰਗ ਅਤੇ ਟ੍ਰਿਬਿਊਨ ਚੌਕ ਤੋਂ ਕਿਸਾਨ ਭਵਨ ਵਾਲੀ ਰੋਡ ’ਤੇ ਹਾਲਾਤ ਖ਼ਸਤਾ ਹਨ। ਇੱਥੇ ਪਾਣੀ ਭਰ ਜਾਣ ਕਾਰਨ ਆਵਾਜਾਈ ਜਾਮ ਹੋ ਜਾਂਦੀ ਹੈ। ਅਜਿਹੇ 'ਚ ਲੋਕਾਂ ਨੂੰ ਇਕ ਚੌਕ ਪਾਰ ਕਰਨ 'ਚ 15 ਤੋਂ 20 ਮਿੰਟ ਲੱਗ ਰਹੇ ਹਨ।