
NEET-UG 2024 : ਕਾਊਂਸਲਿੰਗ ਇਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਣ ਦੀ ਸੰਭਾਵਨਾ : ਸੂਤਰ
NEET-UG Delay in 2024 counseling process : ਕੌਮੀ ਯੋਗਤਾ-ਦਾਖਲਾ ਪ੍ਰੀਖਿਆ-ਅੰਡਰਗ੍ਰੈਜੂਏਟ (ਨੀਟ-ਯੂ.ਜੀ.) 2024 ਲਈ ਕਾਊਂਸਲਿੰਗ ਪ੍ਰਕਿਰਿਆ ’ਚ ਦੇਰੀ ਹੋ ਗਈ ਹੈ।
ਕਾਊਂਸਲਿੰਗ ਸੈਸ਼ਨ 6 ਜੁਲਾਈ ਤੋਂ ਸ਼ੁਰੂ ਹੋਣ ਦੀ ਉਮੀਦ ਸੀ, ਹਾਲਾਂਕਿ ਮੈਡੀਕਲ ਕਾਊਂਸਲਿੰਗ ਕਮੇਟੀ ਨੇ ਇਸ ਲਈ ਕੋਈ ਵਿਸਥਾਰਤ ਨੋਟੀਫਿਕੇਸ਼ਨ ਅਤੇ ਪ੍ਰੋਗਰਾਮ ਸਾਂਝਾ ਨਹੀਂ ਕੀਤਾ।
ਸੂਤਰਾਂ ਨੇ ਦਸਿਆ ਕਿ ਕੁੱਝ ਮੈਡੀਕਲ ਕਾਲਜਾਂ ਨੂੰ ਇਜਾਜ਼ਤ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਅਜੇ ਜਾਰੀ ਹੈ ਅਤੇ ਨਵੀਆਂ ਸੀਟਾਂ ਜੋੜੀਆਂ ਕੀਤੀਆਂ ਜਾਣਗੀਆਂ।
ਇਕ ਅਧਿਕਾਰਤ ਸੂਤਰ ਨੇ ਦਸਿਆ, ‘‘ਕਾਊਂਸਲਿੰਗ ਦੀ ਤਰੀਕ ਦਾ ਐਲਾਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੀਤਾ ਜਾਵੇਗਾ ਤਾਂ ਜੋ ਪਹਿਲੇ ਪੜਾਅ ’ਚ ਹੀ ਨਵੇਂ ਕਾਲਜਾਂ ’ਚ ਸੀਟਾਂ ’ਤੇ ਦਾਖਲਾ ਯਕੀਨੀ ਬਣਾਇਆ ਜਾ ਸਕੇ।’’
ਉਨ੍ਹਾਂ ਕਿਹਾ ਕਿ ਕਾਊਂਸਲਿੰਗ ਇਸ ਮਹੀਨੇ ਦੇ ਅਖੀਰ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਵਿਵਾਦਪੂਰਨ ਨੀਟ-ਯੂ.ਜੀ. 2024 ਇਮਤਿਹਾਨ ਰੱਦ ਕਰਨ ਦੀ ਮੰਗ ਦੇ ਵਿਚਕਾਰ ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਸ਼ੁਕਰਵਾਰ ਨੂੰ ਸੁਪਰੀਮ ਕੋਰਟ ਨੂੰ ਦਸਿਆ ਸੀ ਕਿ ਗੁਪਤਤਾ ਦੀ ਉਲੰਘਣਾ ਦੇ ਕਿਸੇ ਸਬੂਤ ਤੋਂ ਬਿਨਾਂ ਇਮਤਿਹਾਨ ਰੱਦ ਕਰਨ ਦਾ ‘ਬਹੁਤ ਮਾੜਾ ਅਸਰ’ ਪਵੇਗਾ ਕਿਉਂਕਿ ਇਸ ਦਾ ਲੱਖਾਂ ਈਮਾਨਦਾਰ ਉਮੀਦਵਾਰਾਂ ’ਤੇ ਗੰਭੀਰ ਅਸਰ ਪਵੇਗਾ।
ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਨੀਟ-ਯੂ.ਜੀ. 2024 ਇਮਤਿਹਾਨ ਲਈ ਕਾਊਂਸਲਿੰਗ ਪ੍ਰਕਿਰਿਆ ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰ ਦਿਤਾ ਸੀ। ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਸਰਕਾਰੀ ਅਤੇ ਨਿੱਜੀ ਸੰਸਥਾਵਾਂ ’ਚ ਐਮ.ਬੀ.ਬੀ.ਐਸ., ਬੀ.ਡੀ.ਐਸ., ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ ’ਚ ਦਾਖਲੇ ਲਈ ਨੀਟ-ਯੂ.ਜੀ. ਦਾ ਆਯੋਜਨ ਕਰਦੀ ਹੈ।
571 ਸ਼ਹਿਰਾਂ ਦੇ 4,750 ਕੇਂਦਰਾਂ ’ਤੇ ਲਗਭਗ 23 ਲੱਖ ਉਮੀਦਵਾਰਾਂ ਨੇ ਇਮਤਿਹਾਨ ਦਿਤੀ ਸੀ। ਪ੍ਰਸ਼ਨ ਚਿੱਠੀ ਲੀਕ ਸਮੇਤ ਬੇਨਿਯਮੀਆਂ ਦੇ ਦੋਸ਼ਾਂ ਕਾਰਨ ਕਈ ਸ਼ਹਿਰਾਂ ’ਚ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਵਿਰੋਧੀ ਪਾਰਟੀਆਂ ਨੇ ਇਹ ਮੁੱਦਾ ਚੁਕਿਆ ਸੀ। ਇਸ ਸਬੰਧ ’ਚ ਅਦਾਲਤਾਂ ’ਚ ਕਈ ਕੇਸ ਵੀ ਦਾਇਰ ਕੀਤੇ ਗਏ ਸਨ।