
11 ਦੋਸ਼ੀਆਂ ਵਿਰੁਧ ਚਾਰਜਸ਼ੀਟ ਦਾਇਰ
ਜੰਮੂ: ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਨਾਰਕੋ-ਅਤਿਵਾਦ ਦੇ ਇਕ ਮਾਮਲੇ ’ਚ ਪਾਕਿਸਤਾਨ ਸਥਿਤ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਮੁਹੰਮਦ ਯੂਸਫ ਸ਼ਾਹ ਉਰਫ ਸਈਦ ਸਲਾਹੂਦੀਨ ਸਮੇਤ 11 ਦੋਸ਼ੀਆਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ।
ਏਜੰਸੀ ਦੇ ਇਕ ਬੁਲਾਰੇ ਨੇ ਦਸਿਆ ਕਿ ਇਹ ਮਾਮਲਾ ਸ਼ੁਰੂ ਵਿਚ ਐਸ.ਆਈ.ਏ. ਜੰਮੂ ਨੇ 2022 ਵਿਚ ਦਰਜ ਕੀਤਾ ਸੀ ਅਤੇ ਜਾਂਚ ਵਿਚ ਅਤਿਵਾਦੀ ਸਹਿਯੋਗੀਆਂ ਅਤੇ ਕੋਰੀਅਰਾਂ ਦੇ ਇਕ ਸੰਗਠਤ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸਹਾਇਤਾ ਕਰ ਕੇ ਅਤੇ ਅਤਿਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰ ਕੇ ਪਾਬੰਦੀਸ਼ੁਦਾ ਸੰਗਠਨ ਦੀ ਸਹਾਇਤਾ ਕਰਦਾ ਹੈ।
ਚਾਰਜਸ਼ੀਟ ’ਚ ਮੱਧ ਕਸ਼ਮੀਰ ਦੇ ਬਡਗਾਮ ਦੇ ਸਿਬੁਗ ਪਿੰਡ ਦੇ ਵਸਨੀਕ ਸਲਾਹੂਦੀਨ ਤੋਂ ਇਲਾਵਾ ਬਡਗਾਮ ਦੇ ਖਾਨ ਸਾਹਿਬ ਇਲਾਕੇ ਦੇ ਇਕ ਹੋਰ ਹਿਜ਼ਬੁਲ ਅਤਿਵਾਦੀ ਬਸ਼ਾਰਤ ਅਹਿਮਦ ਭੱਟ ਦਾ ਨਾਂ ਵੀ ਸ਼ਾਮਲ ਹੈ। ਉਹ ਪਾਕਿਸਤਾਨ ਦੇ ਰਾਵਲਪਿੰਡੀ ਤੋਂ ਕੰਮ ਕਰਦਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਬਾਕੀਆਂ ਦੀ ਪਛਾਣ ਰਾਜੌਰੀ ਦੇ ਖਾਲਿਦ ਹੁਸੈਨ, ਪੁੰਛ ਦੇ ਮੁਹੰਮਦ ਸ਼ੋਕਿਤ, ਬਡਗਾਮ ਦੇ ਜਾਵਿਦ ਅਹਿਮਦ ਰਾਠੇਰ, ਸ਼੍ਰੀਨਗਰ ਦੇ ਮਨਜ਼ੂਰ ਅਹਿਮਦ ਅਤੇ ਆਸਿਫ ਰਹਿਮਾਨ ਰੇਸ਼ੀ ਅਤੇ ਜੰਮੂ ਦੇ ਹਰਪ੍ਰੀਤ ਸਿੰਘ, ਚੈਨ ਸਿੰਘ, ਸਾਹਿਲ ਕੁਮਾਰ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ।
ਬੁਲਾਰੇ ਨੇ ਦਸਿਆ ਕਿ ਜਾਂਚ ਅਨੁਸਾਰ ਇਹ ਨੈੱਟਵਰਕ ਖੇਤਰ ਵਿਚ ਅਤਿਵਾਦ ਦੇ ਵਿੱਤਪੋਸ਼ਣ ਲਈ ਇਕ ਪ੍ਰਮੁੱਖ ਚੈਨਲ ਵਜੋਂ ਉਭਰਿਆ ਹੈ ਅਤੇ ਇਸ ਵਿਚ ਸ਼ਾਮਲ ਕਈ ਵਿਅਕਤੀਆਂ ਨੇ ਆਮਦਨ ਦੇ ਨਾਮਾਤਰ ਜਾਇਜ਼ ਸਰੋਤ ਹੋਣ ਦੇ ਬਾਵਜੂਦ ਨਸ਼ਿਆਂ ਦੀ ਕਮਾਈ ਰਾਹੀਂ ਮਹੱਤਵਪੂਰਨ ਦੌਲਤ ਇਕੱਠੀ ਕੀਤੀ ਹੈ।