
ਮਾਮਲੇ ਦਾ ਕਾਨੂੰਨੀ ਹੱਲ ਕੱਢਣ ਵਾਲੇ ਸੇਵਾਮੁਕਤ ਚੀਫ਼ ਜਸਟਿਸ ਗੋਗਈ ਨੂੰ ਸੱਦਾ ਨਹੀਂ ਦਿਤਾ ਗਿਆ
ਮੁੰਬਈ, 5 ਅਗੱਸਤ : ਸ਼ਿਵ ਸੈਨਾ ਨੇ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਸਮਾਗਮ ਸਮੇਂ ਜਿਹੜੇ ਲੋਕ 'ਕਾਰ ਸੇਵਕਾਂ' ਦੀ ਕੁਰਬਾਨੀ ਨੂੰ ਭੁੱਲ ਗਏ, ਉਹ ਰਾਮ-ਧ੍ਰੋਹੀ ਹਨ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿਚ ਕਿਹਾ ਗਿਆ ਹੈ ਕਿ ਇਹ ਭੂਮੀ ਪੂਜਨ ਪੂਰੇ ਦੇਸ਼ ਅਤੇ ਹਿੰਦੂਆਂ ਦਾ ਸਮਾਗਮ ਹੈ ਪਰ ਇਹ ਕਿਹੋ ਜਿਹਾ ਜ਼ਿੱਦੀ ਫ਼ੈਸਲਾ ਹੈ ਕਿ ਕਿਸੇ ਨੂੰ ਇਸ ਦਾ ਸਿਹਰਾ ਨਹੀਂ ਲੈਣਾ ਚਾਹੀਦਾ? ਸਾਮਨਾ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਪ੍ਰੋਗਰਾਮ ਵਿਅਕਤੀ ਕੇਂਦਰਤ ਅਤੇ ਰਾਜਨੀਤਕ ਪਾਰਟੀ ਕੇਂਦਰਤ ਹੈ।
Uddhav Thackeray
ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ, 'ਜਿਥੇ ਰਾਮ ਮੰਦਰ ਦਾ ਨਿਰਮਾਣ ਹੋਵੇਗਾ, ਉਥੋਂ ਦੀ ਮਿੱਟੀ ਵਿਚ ਕਾਰ ਸੇਵਕਾਂ ਦੀ ਕੁਰਬਾਨੀ ਦੀ ਖ਼ੁਸ਼ਬੂ ਹੈ। ਜਿਹੜੇ ਇਹ ਗੱਲ ਭੁੱਲ ਗਏ, ਉਹ ਰਾਮ ਧ੍ਰੋਹੀ ਹਨ।' ਜ਼ਿਕਰਯੋਗ ਹੈ ਕਿ ਅਯੋਧਿਆ ਵਿਚ 1992 ਵਿਚ ਮਸਜਿਦ ਨੂੰ 'ਕਾਰ ਸੇਵਕਾਂ' ਨੇ ਡੇਗ ਦਿਤਾ ਸੀ। ਕਾਰ ਸੇਵਕਾਂ ਦਾ ਦਾਅਵਾ ਸੀ ਕਿ ਪ੍ਰਾਚੀਨ ਰਾਮ ਮੰਦਰ ਇਸੇ ਥਾਂ 'ਤੇ ਸੀ। ਸ਼ਿਵ ਸੈਨਾ ਨੇ ਦੁਖ ਪ੍ਰਗਟ ਕੀਤਾ ਕਿ ਇਸ ਮਾਮਲੇ ਵਿਚ ਇਤਿਹਾਸਕ ਫ਼ੈਸਲਾ ਸੁਣਾਉਣ ਵਾਲੇ ਸੇਵਾਮੁਕਤ ਮੁੱਖ ਜੱਜ ਰੰਜਨ ਗੋਗਈ ਨੂੰ ਇਸ ਪ੍ਰੋਗਰਾਮ ਲਈ ਸੱਦਾ ਨਹੀਂ ਦਿਤਾ ਗਿਆ।
ਕਿਹਾ ਗਿਆ ਕਿ ਬਾਬਰੀ ਮਸਜਿਦ ਨੂੰ ਡੇਗਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸ਼ਿਵ ਸੈਨਾ ਨੂੰ ਵੀ ਸੱਦਾ ਨਹੀਂ ਦਿਤਾ ਗਿਆ। ਸ਼ਿਵ ਸੈਨਾ ਨੇ ਕਿਹਾ, 'ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਮੋਦੀ ਦੇ ਸ਼ਾਸਨ ਕਾਲ ਵਿਚ ਇਸ ਮਾਮਲੇ ਦਾ ਕਾਨੂੰਨੀ ਹੱਲ ਨਿਕਲਿਆ, ਨਹੀਂ ਤਾਂ ਗੋਗਈ ਨੂੰ ਸੇਵਾਮੁਕਤੀ ਮਗਰੋਂ ਰਾਜ ਸਭਾ ਦਾ ਮੈਂਬਰ ਨਾ ਬਣਾਇਆ ਗਿਆ ਹੁੰਦਾ।' ਪਾਰਟੀ ਨੇ ਕਿਹਾ ਕਿ ਮੁੱਖ ਮੁਦਈ ਅੰਸਾਰੀ ਨੇ ਇਸ ਮਾਮਲੇ ਨੂੰ 30 ਸਾਲ ਖਿੱਚਿਆ ਜਦਕਿ ਗੋਗਈ ਨੇ ਭਗਵਾਨ ਰਾਮ ਨੂੰ ਕਾਨੂੰਨੀ ਪੇਚ ਤੋਂ ਬਾਹਰ ਕਢਿਆ।