ਐਨਡੀਏ ਦੇ ਉਮੀਦਵਾਰ ਜਗਦੀਪ ਧਨਖੜ ਨੇ ਸਾਂਝੇ ਵਿਰੋਧੀ ਉਮੀਦਵਾਰ ਮਾਰਗ੍ਰੇਟ ਅਲਵਾ ਨੂੰ 528 ਵੋਟਾਂ ਹਾਸਲ ਕਰਕੇ ਹਰਾਇਆ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਚੋਣ ਵਿਚ ਐਨਡੀਏ ਦੇ ਉਮੀਦਵਾਰ ਜਗਦੀਪ ਧਨਖੜ ਨੇ ਸਾਂਝੇ ਵਿਰੋਧੀ ਉਮੀਦਵਾਰ ਮਾਰਗ੍ਰੇਟ ਅਲਵਾ ਨੂੰ 528 ਵੋਟਾਂ ਹਾਸਲ ਕਰਕੇ ਹਰਾਇਆ। ਅਧਿਕਾਰੀਆਂ ਨੇ ਦੱਸਿਆ ਕਿ ਅਲਵਾ ਨੂੰ ਸਿਰਫ਼ 182 ਵੋਟਾਂ ਮਿਲੀਆਂ। ਕੁੱਲ 725 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ, ਜਿਨ੍ਹਾਂ ਵਿਚੋਂ 710 ਵੋਟਾਂ ਜਾਇਜ਼ ਪਾਈਆਂ ਗਈਆਂ, 15 ਵੋਟਾਂ ਅਯੋਗ ਪਾਈਆਂ ਗਈਆਂ। ਧਨਖੜ ਹੁਣ ਐਮ ਵੈਂਕਈਆ ਨਾਇਡੂ ਦੀ ਥਾਂ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਹੋਣਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਲਗਭਗ 93 ਫੀਸਦੀ ਸੰਸਦ ਮੈਂਬਰਾਂ ਨੇ ਆਪਣੀ ਵੋਟ ਪਾਈ, ਜਦਕਿ 50 ਤੋਂ ਵੱਧ ਸੰਸਦ ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ। ਵੋਟ ਪਾਉਣ ਦੇ ਯੋਗ 780 ਸੰਸਦ ਮੈਂਬਰਾਂ ਵਿਚੋਂ 725 ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਸਮਾਪਤ ਹੋਈ।
ਸੰਸਦ ਦੇ ਦੋਵਾਂ ਸਦਨਾਂ ਦੇ ਕੁੱਲ ਮੈਂਬਰਾਂ ਦੀ ਸੰਖਿਆ 788 ਹੈ, ਜਿਨ੍ਹਾਂ ਵਿਚੋਂ ਇਸ ਸਮੇਂ ਉਪਰਲੇ ਸਦਨ ਦੀਆਂ ਅੱਠ ਸੀਟਾਂ ਖਾਲੀ ਹਨ। ਅਜਿਹੀ ਸਥਿਤੀ ਵਿਚ ਉਪ ਰਾਸ਼ਟਰਪਤੀ ਚੋਣ ਵਿਚ 780 ਸੰਸਦ ਮੈਂਬਰ ਵੋਟ ਪਾਉਣ ਦੇ ਯੋਗ ਸਨ। ਤ੍ਰਿਣਮੂਲ ਕਾਂਗਰਸ ਆਪਣੇ ਪਹਿਲੇ ਐਲਾਨ ਮੁਤਾਬਕ ਇਸ ਚੋਣ ਤੋਂ ਦੂਰ ਰਹੀ। ਦੋਵਾਂ ਸਦਨਾਂ ਵਿਚ ਇਸ ਦੇ ਕੁੱਲ 36 ਸੰਸਦ ਮੈਂਬਰ ਹਨ।