
ਰਾਹੁਲ ਗਾਂਧੀ ਸਵੇਰੇ 10:55 ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਹੋਏ
ਚਾਇਬਾਸਾ (ਝਾਰਖੰਡ) : ਝਾਰਖੰਡ ਦੇ ਚਾਇਬਾਸਾ ’ਚ ਇਕ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ 2018 ’ਚ ਇਕ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁਧ ਕਥਿਤ ਤੌਰ ਉਤੇ ਅਪਮਾਨਜਨਕ ਟਿਪਣੀ ਕਰਨ ਦੇ ਮਾਮਲੇ ’ਚ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿਤੀ ਹੈ। ਰਾਹੁਲ ਗਾਂਧੀ ਸਵੇਰੇ 10:55 ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਹੋਏ।
ਰਾਹੁਲ ਗਾਂਧੀ ਦੇ ਵਕੀਲ ਪ੍ਰਣਵ ਦਰਿਪਾ ਨੇ ਕਿਹਾ, ‘‘ਰਾਹੁਲ ਗਾਂਧੀ ਝਾਰਖੰਡ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਨੇ ਜ਼ਮਾਨਤ ਦੀ ਮੰਗ ਕੀਤੀ ਸੀ। ਸ਼ਰਤਾਂ ਉਤੇ ਜ਼ਮਾਨਤ ਦੇ ਦਿਤੀ ਗਈ ਹੈ। ਅਸੀਂ ਹੁਣ ਇਸ ਪ੍ਰਕਿਰਿਆ ਨੂੰ ਅੱਗੇ ਵਧਾਵਾਂਗੇ।’’
ਇਹ ਮਾਮਲਾ ਮਾਨਹਾਨੀ ਨਾਲ ਸਬੰਧਤ ਹੈ ਅਤੇ 2018 ਵਿਚ ਦਰਜ ਕੀਤਾ ਗਿਆ ਸੀ। ਇਹ ਮਾਮਲਾ ਸ਼ੁਰੂ ਵਿਚ ਰਾਂਚੀ ਵਿਚ ਦਰਜ ਕੀਤਾ ਗਿਆ ਸੀ ਅਤੇ 2021 ਵਿਚ ਚਾਇਬਾਸਾ ਤਬਦੀਲ ਕਰ ਦਿਤਾ ਗਿਆ ਸੀ। ਰਾਹੁਲ ਗਾਂਧੀ ਨੇ ਹਾਈ ਕੋਰਟ ਵਿਚ ਨਿੱਜੀ ਪੇਸ਼ੀ ਤੋਂ ਛੋਟ ਲਈ ਪਟੀਸ਼ਨ ਦਾਇਰ ਕੀਤੀ ਸੀ।
ਹਾਈ ਕੋਰਟ ਦੇ ਇਕ ਹੋਰ ਵਕੀਲ ਧੀਰਜ ਕੁਮਾਰ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸ਼ਰਤਾਂ ਉਤੇ ਜ਼ਮਾਨਤ ਦਿਤੀ ਗਈ ਹੈ। ਸੁਪ੍ਰਿਆ ਰਾਣੀ ਤਿਗਗਾ ਦੀ ਵਿਸ਼ੇਸ਼ ਅਦਾਲਤ ਨੇ ਰਾਹੁਲ ਗਾਂਧੀ ਨੂੰ ਮੁਕੱਦਮੇ ’ਚ ਸਹਿਯੋਗ ਕਰਨ ਲਈ ਕਿਹਾ ਹੈ।