
ਕੁੱਝ ਮਹੀਨੇ ਪਹਿਲਾ ਘਰੇਲੂ ਸ਼ੋਸ਼ਣ ਤੋਂ ਤੰਗ ਆ ਕੇ ਬੱਚੀਆਂ ਦੀ ਮਾਂ ਮਨਦੀਪ ਕੌਰ ਨੇ ਕੀਤੀ ਸੀ ਖ਼ੁਦਕੁਸ਼ੀ
ਮੁਹਾਲੀ: ਮਨਦੀਪ ਕੌਰ ਨੇ 2015 ਵਿਚ ਭਾਰਤ ਵਿਚ ਰਣਜੋਧਬੀਰ ਸਿੰਘ ਸੰਧੂ ਨਾਲ ਵਿਆਹ ਕੀਤਾ ਸੀ। ਪਿਛਲੇ ਕੁੱਝ ਮਹੀਨੇ ਪਹਿਲਾ ਨਿਊਯਾਰਕ ’ਚ ਰਹਿੰਦੀ ਮਨਦੀਪ ਕੌਰ ਨੇ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ, ਜਿਸ ’ਚ ਕਿਹਾ ਸੀ ਕਿ ਉਹ ਪਿਛਲੇ 8 ਸਾਲਾਂ ਤੋਂ ਆਪਣੇ ਪਤੀ ਦੀ ਮਾਰ-ਕੁੱਟ ਨੂੰ ਸਹਿਣ ਕਰਦੀ ਆ ਰਹੀ ਤੇ ਹੁਣ ਉਹ ਅੱਕ ਚੁੱਕੀ ਹੈ। ਵੀਡੀਓ ਵਾਇਰਲ ਕਰਨ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ। ਮਨਦੀਪ ਕੌਰ ਦੀ ਮੌਤ ਤੋਂ ਬਾਅਦ ਵੀ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆਈਆਂ ਜਿਨ੍ਹਾਂ ’ਚ ਸ਼ਰੇਆਮ ਉਸ ਦੇ ਪਤੀ ਵੱਲੋਂ ਮਨਦੀਪ ਦੀ ਕੁੱਟਮਾਰ ਕੀਤੀ ਜਾ ਰਹੀ ਸੀ।
ਮਨਦੀਪ ਕੌਰ ਦਾ ਪਰਿਵਾਰ ਨਾਬਾਲਗ ਧੀਆਂ ਦੀ ਕਸਟਡੀ ਲਈ ਜ਼ੋਰ ਪਾ ਰਿਹਾ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਆਪਣੇ ਪਿਤਾ ਕੋਲ ਅਮਰੀਕਾ ’ਚ ਹਨ।ਮਨਦੀਪ ਕੌਰ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਬੱਚੀਆਂ ਸੁਰੱਖਿਅਤ ਹੱਥਾਂ ਵਿਚ ਨਹੀਂ ਹਨ।ਕਾਨੂੰਨੀ ਮਾਹਿਰਾਂ ਨੇ ਦੱਸਿਆ ਕਿ ਮਨਦੀਪ ਕੌਰ ਦੇ ਬੱਚਿਆਂ ਦੀ ਕਸਟਡੀ ਪ੍ਰਾਪਤ ਕਰਨਾ ਪਰਿਵਾਰ ਲਈ ਆਸਾਨ ਨਹੀਂ ਹੋ ਸਕਦਾ ਕਿਉਂਕਿ ਪਿਤਾ ਅਮਰੀਕਾ ਦਾ ਪੱਕਾ ਨਿਵਾਸੀ ਹੈ, ਜਦੋਂ ਕਿ ਮਾਂ ਦਾ ਪਰਿਵਾਰ ਭਾਰਤ ਵਿਚ ਹੈ, ਅਤੇ ਦੋਵਾਂ ਦੇਸ਼ਾਂ ਦੇ ਕਾਨੂੰਨ ਅਤੇ ਅਧਿਕਾਰ ਖੇਤਰ ਨੂੰ ਸੰਬੋਧਿਤ ਕਰਨ ਦੀ ਲੋੜ ਹੈ।
ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਪਿਛਲੇ ਮਹੀਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਵਿਦੇਸ਼ਾਂ ਵਿੱਚ ਘਰੇਲੂ ਸ਼ੋਸ਼ਣ ਨਾਲ ਨਜਿੱਠਣ ਲਈ ਇੱਕ ਸੰਸਥਾਗਤ ਵਿਧੀ ਬਣਾਉਣ ਦੀ ਮੰਗ ਕੀਤੀ ਸੀ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, 2017 ਤੋਂ 2019 ਦਰਮਿਆਨ ਭਾਰਤੀ ਨਾਗਰਿਕਤਾ ਵਾਲੀਆਂ ਵਿਆਹੁਤਾ ਔਰਤਾਂ ਤੋਂ ਵਿਆਹੁਤਾ ਵਿਵਾਦ ਨਾਲ ਸਬੰਧਤ 3,955 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।