ਰਾਕੇਟ ਆਈ.ਐਨ.ਏ. ਹੈੱਡਕੁਆਰਟਰ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਡਿੱਗਿਆ
ਇੰਫਾਲ: ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਮੋਇਰੰਗ ’ਚ ਸ਼ੁਕਰਵਾਰ ਦੁਪਹਿਰ ਸ਼ੱਕੀ ਅਤਿਵਾਦੀਆਂ ਦੇ ਬੰਬ ਹਮਲੇ ’ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਰਾਕੇਟ ਸਾਬਕਾ ਮੁੱਖ ਮੰਤਰੀ ਮਾਰਮਬਾਮ ਕੋਇਰੇਂਗ ਦੀ ਰਿਹਾਇਸ਼ ਦੇ ਕੰਪਲੈਕਸ ’ਚ ਡਿੱਗਿਆ। ਸ਼ੁਕਰਵਾਰ ਨੂੰ ਜ਼ਿਲ੍ਹੇ ’ਚ ਦਾਗਿਆ ਗਿਆ ਇਹ ਦੂਜਾ ਰਾਕੇਟ ਹੈ। ਅਧਿਕਾਰੀ ਨੇ ਦਸਿਆ ਕਿ ਬਜ਼ੁਰਗ ਵਿਅਕਤੀ ਕੈਂਪਸ ’ਚ ਕੁੱਝ ਧਾਰਮਕ ਰਸਮਾਂ ਦੀ ਤਿਆਰੀ ਕਰ ਰਿਹਾ ਸੀ, ਜਦੋਂ ਬੰਬ ਧਮਾਕਾ ਹੋਇਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਧਮਾਕੇ ਵਿਚ ਇਕ 13 ਸਾਲ ਦੀ ਲੜਕੀ ਸਮੇਤ ਪੰਜ ਹੋਰ ਜ਼ਖਮੀ ਹੋ ਗਏ। ਰਾਕੇਟ ਆਈ.ਐਨ.ਏ. ਹੈੱਡਕੁਆਰਟਰ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਡਿੱਗਿਆ। ਆਜ਼ਾਦ ਹਿੰਦ ਫੌਜ (ਆਈ.ਐਨ.ਏ.) ਦੇ ਲੈਫਟੀਨੈਂਟ ਕਰਨਲ ਸ਼ੌਕਤ ਅਲੀ ਨੇ 14 ਅਪ੍ਰੈਲ 1944 ਨੂੰ ਆਈ.ਐਨ.ਏ. ਦੇ ਸਰਵਉੱਚ ਕਮਾਂਡਰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਪਹਿਲੀ ਵਾਰ ਭਾਰਤ ਦੀ ਧਰਤੀ ’ਤੇ ਆਜ਼ਾਦ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਸੀ।
ਇਸ ਤੋਂ ਪਹਿਲਾਂ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ’ਚ ਸ਼ੁਕਰਵਾਰ ਸਵੇਰੇ ਸ਼ੱਕੀ ਅਤਿਵਾਦੀਆਂ ਨੇ ਇਕ ਵਾਰ ਫਿਰ ਬੰਬ ਧਮਾਕਾ ਕੀਤਾ। ਇਸ ਹਮਲੇ ’ਚ ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਦਸਿਆ ਕਿ ਇਹ ਬੰਬ ਚੁਰਾਚੰਦਪੁਰ ਜ਼ਿਲ੍ਹੇ ਦੇ ਨੇੜਲੇ ਪਹਾੜੀ ਇਲਾਕਿਆਂ ਤੋਂ ਤ੍ਰੋਂਗਲਾਓਬੀ ਦੇ ਨੀਵੇਂ ਰਿਹਾਇਸ਼ੀ ਇਲਾਕੇ ਵਲ ਸੁੱਟੇ ਗਏ। ਤ੍ਰੋਂਗਲਾਓਬੀ ਸੂਬੇ ਦੀ ਰਾਜਧਾਨੀ ਇੰਫਾਲ ਤੋਂ ਲਗਭਗ 45 ਕਿਲੋਮੀਟਰ ਦੂਰ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਇਕ ਸਥਾਨਕ ਕਮਿਊਨਿਟੀ ਹਾਲ ਅਤੇ ਇਕ ਖਾਲੀ ਕਮਰਾ ਨੁਕਸਾਨਿਆ ਗਿਆ ਹੈ। ਇਸ ਤੋਂ ਇਲਾਵਾ ਸ਼ੱਕੀ ਅਤਿਵਾਦੀਆਂ ਨੇ ਬਿਸ਼ਨੂਪੁਰ ਜ਼ਿਲ੍ਹੇ ਵਲ ਵੀ ਗੋਲੀਬਾਰੀ ਕੀਤੀ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ। ਚਸ਼ਮਦੀਦਾਂ ਨੇ ਦਸਿਆ ਕਿ ਤ੍ਰੋਂਗਲਾਓਬੀ ਤੋਂ ਕੁੱਝ ਕਿਲੋਮੀਟਰ ਦੂਰ ਕੁੰਬੀ ਪਿੰਡ ਵਿਚ ਸਥਿਤੀ ਵੀਰਵਾਰ ਰਾਤ ਨੂੰ ਉਸ ਸਮੇਂ ਵਧ ਗਈ ਜਦੋਂ ਕਈ ਡਰੋਨ ਜ਼ਮੀਨ ਤੋਂ 100 ਮੀਟਰ ਤੋਂ ਵੀ ਘੱਟ ਉਚਾਈ ’ਤੇ ਘੁੰਮਦੇ ਦੇਖੇ ਗਏ।