
ਮੁਲਜ਼ਮ ਨੂੰ ਸੋਮਵਾਰ ਤੋਂ ਸ਼ੁਕਰਵਾਰ ਤਕ ਲਗਾਤਾਰ 15 ਦਿਨਾਂ ਤਕ ਹਰ ਰੋਜ਼ ਤਿੰਨ ਘੰਟੇ ਹਸਪਤਾਲ ਵਿਚ ਪੋਚਾ ਲਗਾਉਣ ਦਾ ਹੁਕਮ ਦਿਤਾ
ਮੁੰਬਈ : ਬੰਬਈ ਹਾਈ ਕੋਰਟ ਨੇ ਝੂਠੀ ਐਫ.ਆਈ.ਆਰ. ਦਰਜ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਜੇਲ ਜਾਂ ਜੁਰਮਾਨੇ ਦੀ ਸਜ਼ਾ ਸੁਣਾਉਣ ਦੀ ਬਜਾਏ ਸਮਾਜ ਸੇਵਾ ਕਰਨ ਦਾ ਹੁਕਮ ਦਿਤਾ ਹੈ। ਜਸਟਿਸ ਰਵਿੰਦਰ ਘੁਗੇ ਅਤੇ ਜਸਟਿਸ ਗੌਤਮ ਅੰਖਰ ਦੀ ਡਿਵੀਜ਼ਨ ਬੈਂਚ ਨੇ ਮੁਲਜ਼ਮ ਨੂੰ ਸੋਮਵਾਰ ਤੋਂ ਸ਼ੁਕਰਵਾਰ ਤਕ ਲਗਾਤਾਰ 15 ਦਿਨਾਂ ਤਕ ਹਰ ਰੋਜ਼ ਤਿੰਨ ਘੰਟੇ ਹਸਪਤਾਲ ਵਿਚ ਪੋਚਾ ਲਗਾਉਣ ਦਾ ਹੁਕਮ ਦਿਤਾ। ਇਸ ਕੰਮ ਵਿਚ ਹਸਪਤਾਲ ਦੇ ਸਾਂਝੇ ਖੇਤਰ ਅਤੇ ਫਰਸ਼ ਨੂੰ ਸਾਫ਼ ਕਰਨਾ ਸ਼ਾਮਲ ਹੈ।
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਸਪਤਾਲ ਦੇ ਅਧਿਕਾਰੀ ਮੁਲਜ਼ਮ ਨੂੰ ਹੋਰ ਕੰਮ ਵੀ ਸੌਂਪ ਸਕਦੇ ਹਨ। 15 ਦਿਨਾਂ ਬਾਅਦ ਹਸਪਤਾਲ ਦਾ ਰਜਿਸਟਰਾਰ ਅਦਾਲਤ ਨੂੰ ਰੀਪੋਰਟ ਸੌਂਪੇਗਾ ਕਿ ਮੁਲਜ਼ਮ ਨੇ ਹੁਕਮ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਜੇਕਰ ਮੁਲਜ਼ਮ ਹੁਕਮ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁਧ ਅਦਾਲਤ ਦੀ ਮਾਨਹਾਨੀ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਮਾਮਲਾ ਇਕ ਟੀ.ਵੀ. ਸੀਰੀਅਲ ਨਾਲ ਸਬੰਧਤ ਹੈ ਜਿਸ ਵਿਚ ਇਕ 46 ਸਾਲ ਦੇ ਵਿਅਕਤੀ ਅਤੇ ਇਕ 19 ਸਾਲ ਲੜਕੀ ਦੀ ਪ੍ਰੇਮ ਕਹਾਣੀ ਵਿਖਾਈ ਗਈ ਸੀ। ਮੁਲਜ਼ਮ ਨੇ ਸੀਰੀਅਲ ਦੇ ਵਿਰੁਧ ਇਤਰਾਜ਼ ਕਰਦਿਆਂ ਐਫ.ਆਈ.ਆਰ. ਦਰਜ ਕਰਵਾਈ ਸੀ। ਇਸ ਤੋਂ ਬਾਅਦ ਚੈਨਲ ਨੇ ਐਫ.ਆਈ.ਆਰ. ਦੇ ਵਿਰੁਧ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਵਾਰ-ਵਾਰ ਅਪਣੀ ਪਛਾਣ ਬਦਲ ਕੇ ਅਦਾਲਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਦਾਲਤ ਨੇ ਇਸ ਵਿਵਹਾਰ ਨੂੰ ਗੰਭੀਰਤਾ ਨਾਲ ਲਿਆ ਅਤੇ ਕਿਹਾ ਕਿ ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ।