
ਯਮੁਨਾ ਦਾ ਪਾਣੀ ਤਾਜ ਮਹਿਲ ਤਕ ਪਹੁੰਚਿਆ
ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ’ਚ ਸਨਿਚਰਵਾਰ ਸਵੇਰੇ ਜ਼ਮੀਨ ਖਿਸਕਣ ਨਾਲ ਪਹਾੜੀ ਤੋਂ 200 ਮੀਟਰ ਦੀ ਢਿੱਗ ਟੁੱਟ ਕੇ ਡਿੱਗ ਪਈ, ਜੈਪੁਰ ’ਚ ਮੀਂਹ ਕਾਰਨ ਮਕਾਨ ਢਹਿਣ ਨਾਲ ਇਕ ਵਿਅਕਤੀ ਅਤੇ ਉਸ ਦੀ 5 ਸਾਲ ਦੀ ਧੀ ਦੀ ਮੌਤ ਹੋ ਗਈ, ਜਦਕਿ ਉਤਰਾਖੰਡ ’ਚ ਵਿਦਿਆਰਥੀਆਂ ਨੂੰ ਸੜਕਾਂ ਬੰਦ ਹੋਣ ਕਾਨ ਮੁਨਸਿਆਰੀ ’ਚ ਅਪਣੇ ਇਮਤਿਹਾਨ ਕੇਂਦਰ ਤਕ ਪਹੁੰਚਣ ਲਈ ਹੈਲੀਕਾਪਟਰ ਕਿਰਾਏ ਉਤੇ ਲੈਣਾ ਪਿਆ। ਦਿੱਲੀ ’ਚ ਯਮੁਨਾ ਦੇ ਹੜ੍ਹ ਕਾਰਨ ਬੇਘਰ ਹੋਏ 70 ਤੋਂ ਵੱਧ ਪਰਵਾਰ ਅਜੇ ਵੀ ਅਕਸ਼ਰਧਾਮ ਨੇੜੇ ਦਿੱਲੀ-ਮੇਰਠ ਐਕਸਪ੍ਰੈਸਵੇਅ ਉਤੇ ਬਣਾਏ ਗਏ ਨਮੀ ਅਤੇ ਮੱਛਰਾਂ ਤੋਂ ਪ੍ਰਭਾਵਤ ਕੈਂਪਾਂ ’ਚ ਰਹਿਣ ਲਈ ਮਜਬੂਰ ਹਨ। 270 ਕਿਲੋਮੀਟਰ ਲੰਮੇ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਸਵੇਰ ਦੇ ਮੀਂਹ ਕਾਰਨ ਰੁਕ ਗਈਆਂ। ਮੁੱਖ ਸੜਕ ਲਗਾਤਾਰ ਪੰਜਵੇਂ ਦਿਨ ਬੰਦ ਰਹੀ। ਹਿਮਾਚਲ ਦੇ ਨੋਰਾਧਰ ਦੇ ਚੋਕਰ ਪਿੰਡ ’ਚ ਜ਼ਮੀਨ ਖਿਸਕਣ ਕਾਰਨ ਪੰਜ ਘਰ ਖਤਰੇ ’ਚ ਪੈ ਗਏ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਦੇ ਵਸਨੀਕਾਂ ਨੂੰ ਸਮੇਂ ਸਿਰ ਬਚਾ ਲਿਆ ਗਿਆ। ਸਥਾਨਕ ਲੋਕਾਂ ਨੇ ਕਿਹਾ ਕਿ ਜ਼ਮੀਨ ਖਿਸਕਣ ਦਾ ਕਾਰਨ ਭੂਮੀਗਤ ਪਾਣੀ ਦਾ ਸਰੋਤ ਫਟਣਾ ਹੋ ਸਕਦਾ ਹੈ। ਇੰਟਰਨੈੱਟ ਉਤੇ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜਿਸ ’ਚ ਮਲਬੇ ਦੇ ਢੇਰ ਲੱਗੇ ਹੋਏ ਹਨ ਅਤੇ ਸਥਾਨਕ ਲੋਕ ਘਬਰਾ ਕੇ ਰੋ ਰਹੇ ਹਨ ਅਤੇ ਲੋਕਾਂ ਨੂੰ ਦੂਰ ਰਹਿਣ ਲਈ ਕਹਿ ਰਹੇ ਹਨ।
ਆਗਰਾ : ਭਾਰੀ ਮੀਂਹ ਦੇ ਵਿਚਕਾਰ ਸ਼ੁਕਰਵਾਰ ਨੂੰ ਹਥਨੀਕੁੰਡ ਬੈਰਾਜ ਤੋਂ 2.5 ਲੱਖ ਕਿਊਸਿਕ ਪਾਣੀ ਛਡਿਆ ਗਿਆ। ਇੰਨਾ ਹੀ ਨਹੀਂ ਸ਼ੁਕਰਵਾਰ ਸ਼ਾਮ 7 ਵਜੇ ਗੋਕੁਲ ਬੈਰਾਜ ਤੋਂ 1.22 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਯਮੁਨਾ ’ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਚੇਤਾਵਨੀ ਬਿੰਦੂ ਤੋਂ 3.3 ਫੁੱਟ (498.3 ਫੁੱਟ) ਉੱਪਰ ਵਹਿ ਰਹੀ ਯਮੁਨਾ ਦੇ ਸਨਿਚਰਵਾਰ ਨੂੰ ਹੜ੍ਹ ਦੇ ਪੱਧਰ ਦੇ ਨਿਸ਼ਾਨ 499 ਫੁੱਟ ਨੂੰ ਪਾਰ ਕਰਨ ਦੀ ਉਮੀਦ ਹੈ। ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਦਰ ਤਹਿਸੀਲ ਖੇਤਰ ਦੇ ਥਾਰ ਆਸ਼ਰਮ ਦੇ ਮਹਿਰਾ ਨਾਹਰਗੰਜ ਦੇ 40 ਪਰਵਾਰਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਹੈ। ਜੇ ਪਾਣੀ ਦਾ ਪੱਧਰ ਹੋਰ ਵਧਦਾ ਹੈ ਤਾਂ ਲਗਭਗ 5,000 ਪਰਵਾਰਾਂ ਦੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਸਿੰਚਾਈ ਵਿਭਾਗ ਮੁਤਾਬਕ ਯਮੁਨਾ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ’ਚ ਝੌਂਪੜੀਆਂ ਅਤੇ ਖੇਡਾਂ ਦੇ ਗੋਦਾਮ ਡੁੱਬ ਗਏ ਹਨ। ਮੀਂਹ ਤੋਂ ਬਾਅਦ ਹੁਣ ਯਮੁਨਾ ’ਚ ਆਈ ਦੋਹਰੀ ਮਾਰ ਨਾਲ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਣ ਦਾ ਖਦਸ਼ਾ ਹੈ।
ਅੰਬਾਲਾ : ਅੰਬਾਲਾ ਦੇ ਦੁਖੇੜੀ ਪਿੰਡ ਵਿਚ 2 ਵਿਅਕਤੀ ਡੁੱਬ ਕੇ ਉਦੋਂ ਲਾਪਤਾ ਹੋ ਗਏ ਜਦੋਂ ਉਨ੍ਹਾਂ ਦਾ ਟਰੈਕਟਰ ਪਲਟ ਕੇ ਇਕ ਉਫ਼ਾਨ ’ਤੇ ਡਰੇਨ ’ਚ ਜਾ ਪਿਆ। ਟਰੈਕਟਰ-ਟਰਾਲੀ ਉਤੇ ਚਾਰ ਵਿਅਕਤੀ ਸਵਾਰ ਸਨ। ਟਰੈਕਟਰ ਨਾਰਾਇਣਗੜ੍ਹ ਤੋਂ ਮੋਹਰਾ ’ਚ ਇੱਟਾਂ ਢੋਅ ਕੇ ਲਿਜਾ ਰਿਹਾ ਸੀ। ਪਿੰਡ ਨੇੜੇ ਟਰੈਕਟਰ-ਟਰਾਲੀ ਬੇਕਾਬੂ ਹੋ ਗਈ ਅਤੇ ਪਲਟ ਗਈ। ਪੁਲਿਸ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਬਚਾ ਲਿਆ ਗਿਆ, ਬਾਕੀ ਦੋ ਡਰੇਨ ਦੇ ਤੇਜ਼ ਵਹਾਅ ’ਚ ਵਹਿ ਗਏ। ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਟਰੈਕਟਰ-ਟਰਾਲੀ ਸਵਾਰਾਂ ਨੂੰ ਡਰੇਨ ਪਾਰ ਨਾ ਕਰਨ ਦੀ ਚਿਤਾਵਨੀ ਦਿਤੀ ਸੀ ਪਰ ਉਹ ਨਹੀਂ ਮੰਨੇ। ਇਕ ਹੋਰ ਹਾਦਸੇ ਵਿਚ ਬੰਨੀ ਪਿੰਡ ਦੇ ਪੰਜ ਬੱਚੇ ਟਾਂਕਰੀ ਦਰਿਆ ’ਚ ਨਹਾਉਂਦੇ ਹੋਏ ਵਹਿ ਗਏ। ਚਾਰ ਜਣਿਆਂ ਨੂੰ ਬਚਾ ਲਿਆ ਗਿਆ ਪਰ ਪੰਜਵੇਂ ਦੀ ਤਲਾਸ਼ ਜਾਰੀ ਹੈ। ਪਿਛਲੇ ਦਿਨਾਂ ਦੌਰਾਨ ਅੰਬਾਲਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਚ ਭਾਰੀ ਮੀਂਹ ਵੇਖਣ ਨੂੰ ਮਿਲਿਆ ਹੈ।