
ਫ਼ੌਜ ਮੁਖੀ ਉਪੇਂਦਰ ਦਿਵੇਦੀ ਨੇ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਖੋਲਿ੍ਹਆ ਵੱਡਾ ਰਾਜ਼
'Operation Sindoor news : ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਆਪ੍ਰੇਸ਼ਨ ਸਿੰਦੂਰ ’ਤੇ ਇੱਕ ਕਿਤਾਬ ਰਿਲੀਜ਼ ਮੌਕੇ ਕਿਹਾ ਕਿ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਆਪ੍ਰੇਸ਼ਨ ਸਿੰਦੂਰ 10 ਮਈ ਨੂੰ ਖਤਮ ਹੋ ਗਿਆ ਸੀ, ਪਰ ਅਜਿਹਾ ਨਹੀਂ ਹੈ। ਇਹ ਅੱਗੇ ਵਧਦਾ ਰਿਹਾ ਕਿਉਂਕਿ ਬਹੁਤ ਸਾਰੇ ਫ਼ੈਸਲੇ ਲੈਣੇ ਪਏ ਸਨ, ਜਿਸ ਬਾਰੇ ਮੈਂ ਬਹੁਤ ਕੁਝ ਨਹੀਂ ਦੱਸ ਸਕਦਾ।
ਉਨ੍ਹਾਂ ਕਿਹਾ ਕਿ ਇਹ ਕਿਤਾਬ ਆਪ੍ਰੇਸ਼ਨ ਸਿੰਦੂਰ ਦੌਰਾਨ ਰਾਜਨੀਤਿਕ ਸਪੱਸ਼ਟਤਾ, ਹਥਿਆਰਬੰਦ ਬਲਾਂ ਨੂੰ ਦਿੱਤੀ ਗਈ ਪੂਰੀ ਆਜ਼ਾਦੀ ਅਤੇ ਫੈਸਲਾਕੁੰਨ ਕਾਰਵਾਈ ਲਈ ਰਾਜਨੀਤਿਕ-ਫੌਜੀ ਉਦੇਸ਼ਾਂ ’ਤੇ ਡੂੰਘੀ ਰੌਸ਼ਨੀ ਪਾਉਂਦੀ ਹੈ। ਆਪ੍ਰੇਸ਼ਨ ਸਿੰਦੂਰ : ਦ ਅਨਟੋਲਡ ਸਟੋਰੀ ਆਫ਼ ਇੰਡੀਆਜ਼ ਡੀਪ ਸਟਰਾਈਕ ਇਨਸਾਈਡ ਪਾਕਿਸਤਾਨ ਨਾਮਕ ਕਿਤਾਬ ਸਾਬਕਾ ਫੌਜੀ ਅਧਿਕਾਰੀ ਅਤੇ ਲੇਖਕ ਲੈਫਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ (ਸੇਵਾਮੁਕਤ) ਵੱਲੋਂ ਲਿਖੀ ਗਈ ਹੈ। ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਵਿੱਚ ਫੌਜੀ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਲੇਖਕ ਨੇ ਇਸ ਕਿਤਾਬ ਵਿੱਚ ਉਨ੍ਹਾਂ ਪਹਿਲੂਆਂ ਨੂੰ ਵੀ ਛੂਹਿਆ ਹੈ, ਜੋ ਆਮ ਤੌਰ ’ਤੇ ਹੁਣ ਤੱਕ ਕਿਤੇ ਵੀ ਨਹੀਂ ਸੁਣਿਆ ਜਾਂ ਕਿਹਾ ਗਿਆ ਹੈ, ਕਿਉਂਕਿ ਮੌਜੂਦਾ ਫੌਜ ਅਧਿਕਾਰੀ ਇਸ ਸਬੰਧੀ ਗੱਲ ਨਹੀਂ ਕਰ ਸਕਦੇ। ਉਨ੍ਹਾਂ ਨੇ ਇਸ ਮੁਸ਼ਕਲ ਕੰਮ ਨੂੰ ਪੂਰਾ ਕਰਨ ਲਈ ਲੈਫਟੀਨੈਂਟ ਜਨਰਲ ਢਿੱਲੋਂ ਦਾ ਧੰਨਵਾਦ ਕੀਤਾ।
ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਜੀਐਸਟੀ ’ਚ ਕੀਤੇ ਗਏ ਬਦਲਾਵਾਂ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਫੌਜੀ ਖੇਤਰ ਨਾਲ ਸਬੰਧਤ ਸਟਾਰਟਅੱਪ ਅਤੇ ਐਮਐਸਐਮਈ ਖੇਤਰ ਨੂੰ ਇਸ ਨਾਲ ਹੁਲਾਰਾ ਮਿਲੇਗਾ। ਜ਼ਿਕਰਯੋਗ ਹੈ ਕਿ ਸਾਰੇ ਹਥਿਆਰਾਂ, ਫੌਜੀ ਜਹਾਜ਼ਾਂ ਅਤੇ ਉਪਕਰਣਾਂ ਤੋਂ ਜੀਐਸਟੀ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਡਰੋਨ ’ਤੇ ਜੀਐਸਟੀ 28 ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।