
12,000 ਕਰੋੜ ਰੁਪਏ ਦਾ ਨਸ਼ੇ ਬਣਾਉਣ ਵਾਲਾ ਕੱਚਾ ਮਾਲ ਕੀਤਾ ਬਰਾਮਦ
large-scale drug factory news : ਠਾਣੇ ਜ਼ਿਲ੍ਹੇ ਦੀ ਮੀਰਾ ਭਯੰਦਰ ਪੁਲਿਸ ਨੇ ਡਰੱਗ ਤਸਕਰੀ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਤੇਲੰਗਾਨਾ ਵਿੱਚ ਚੱਲ ਰਹੀ ਇੱਕ ਵੱਡੀ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਅਤੇ ਇਥੇ 12,000 ਕਰੋੜ ਰੁਪਏ ਦਾ ਕੱਚਾ ਮਾਲ ਜ਼ਬਤ ਕੀਤਾ ਹੈ। ਇਸ ਗਿਰੋਹ ਦੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਦੌਰਾਨ ਪੁਲਿਸ ਟੀਮ ਤੇਲੰਗਾਨਾ ਪਹੁੰਚੀ ਜਿੱਥੇ ਉਨ੍ਹਾਂ ਨੂੰ ਇੱਕ ਗੁਪਤ ਡਰੱਗ ਫੈਕਟਰੀ ਮਿਲੀ। ਇੱਥੋਂ ਪੁਲਿਸ ਨੇ ਐਮਡੀ ਡਰੱਗਜ਼ (ਮਿਥਾਈਲੇਨਡਿਓਕਸੀ ਮੈਥਾਮਫੇਟਾਮਾਈਨ) ਬਣਾਉਣ ਲਈ ਵਰਤਿਆ ਜਾਣ ਵਾਲਾ ਲਗਭਗ 32,000 ਲੀਟਰ ਕੱਚਾ ਮਾਲ ਬਰਾਮਦ ਕੀਤਾ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਫੈਕਟਰੀ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਡਰੱਗਜ਼ ਸਪਲਾਈ ਕਰ ਰਹੀ ਸੀ।
ਇਸ ਮਾਮਲੇ ’ਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸਪਲਾਇਰ, ਨਿਰਮਾਤਾ ਅਤੇ ਵਿਤਰਕ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਅਤਿ-ਆਧੁਨਿਕ ਉਪਕਰਣਾਂ ਅਤੇ ਕੁਝ ਰਸਾਇਣਾਂ ਦੀ ਮਦਦ ਨਾਲ ਨਸ਼ੀਲੇ ਪਦਾਰਥ ਤਿਆਰ ਕਰ ਰਿਹਾ ਸੀ। ਗਿਰੋਹ ਦੇ ਮਾਸਟਰਮਾਈਂਡ ਨੇ ਦੇਸ਼ ਭਰ ਵਿੱਚ ਸਪਲਾਈ ਚੇਨ ਫੈਲਾਈ ਹੋਈ ਸੀ, ਜਿਸ ਕਾਰਨ ਪੁਲਿਸ ਲਈ ਅਸਲ ਸਰੋਤ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੋ ਗਿਆ ਸੀ।
ਇਸ ਤੋਂ ਪਹਿਲਾਂ ਵੀ ਮੀਰਾ ਭਯੰਦਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਸੀ। ਪੁਲਿਸ ਨੇ 22 ਕਰੋੜ ਰੁਪਏ ਦੀ ਕੀਮਤ ਦੇ ਲਗਭਗ 15 ਕਿਲੋ ਕੋਕੀਨ ਜ਼ਬਤ ਕੀਤੇ ਸਨ ਅਤੇ ਇਸ ਵਿੱਚ ਸ਼ਾਮਲ ਦੋ ਵਿਦੇਸ਼ੀ ਨਾਗਰਿਕਾਂ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਸੀ ਅਤੇ ਇਸ ਦੀਆਂ ਤਾਰਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਵਿਦੇਸ਼ਾਂ ਨਾਲ ਵੀ ਜੁੜੀਆਂ ਹੋ ਸਕਦੀਆਂ ਹਨ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਕੌਣ ਹੈ ਅਤੇ ਇਥੋਂ ਕਿਹੜੇ-ਕਿਹੜੇ ਰਾਜਾਂ ਨੂੰ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਸਨ।