
ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਜਾਣ ਵਾਲੇ ਦੂਜੇ ਭਾਰਤੀ ਹਨ ਸੁਭਾਂਸ਼ੂ ਸ਼ੁਕਲਾ
ਨਵੀਂ ਦਿੱਲੀ : ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਪਹੁੰਚਣ ਵਾਲੇ ਪਹਿਲੇ ਭਾਰਤੀ ਸ਼ੁਭਾਂਸ਼ੂ ਸ਼ੁਕਲਾ 6ਵੀਂ ਤੋਂ 12ਵੀਂ ਜਮਾਤ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ ਤਿਆਰ ਕੀਤੇ ਗਏ ਦੇਸ਼ ਵਿਆਪੀ ਨਵੀਨਤਾ ਅੰਦੋਲਨ ‘ਵਿਕਸਿਤ ਭਾਰਤ ਬਿਲਡਾਥੌਨ’ ਦੇ ਬ੍ਰਾਂਡ ਅੰਬੈਸਡਰ ਬਣੇ ਹਨ। ਬਿਲਡਾਥੌਨ ਹੁਣ ਤਕ ਦਾ ਸੱਭ ਤੋਂ ਵੱਡਾ ਸਕੂਲ ਹੈਕਾਥੌਨ ਹੈ, ਜੋ ਦੇਸ਼ ਭਰ ਦੇ 1.5 ਲੱਖ ਸਕੂਲਾਂ ਦੇ ਇਕ ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਚਾਰ ਵਿਸ਼ਿਆਂ ਤਹਿਤ ਪ੍ਰੋਟੋਟਾਈਪ ਵਿਚਾਰ, ਡਿਜ਼ਾਈਨ ਅਤੇ ਵਿਕਸਿਤ ਕਰਨ ਲਈ ਲਾਮਬੰਦ ਕਰੇਗਾ।
ਹੈਕਾਥੌਨ ਸਿੱਖਿਆ ਮੰਤਰਾਲੇ ਵਲੋਂ ਅਟਲ ਇਨੋਵੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਭਾਰਤੀ ਹਵਾਈ ਫੌਜ ਦੇ 39 ਸਾਲ ਦੇ ਅਧਿਕਾਰੀ ਅਤੇ ਟੈਸਟ ਪਾਇਲਟ ਗਰੁੱਪ ਕੈਪਟਨ ਸ਼ੁਕਲਾ ਨੇ ਐਕਸੀਓਮ-4 ਮਿਸ਼ਨ ਦੇ ਹਿੱਸੇ ਵਜੋਂ ਅਪਣੀ ਪਹਿਲੀ ਪੁਲਾੜ ਯਾਤਰਾ ਪੂਰੀ ਕੀਤੀ ਸੀ, ਜੋ ਇਸਰੋ ਅਤੇ ਨਾਸਾ ਵਲੋਂ ਸਮਰਥਿਤ ਅਤੇ ਐਕਸੀਓਮ ਸਪੇਸ ਵਲੋਂ ਸੰਚਾਲਿਤ ਇਕ ਵਪਾਰਕ ਪੁਲਾੜ ਉਡਾਣ ਹੈ। ਸ਼ੁਕਲਾ 1984 ’ਚ ਰਾਕੇਸ਼ ਸ਼ਰਮਾ ਦੀ ਉਡਾਣ ਤੋਂ ਬਾਅਦ ਪੁਲਾੜ ’ਚ ਜਾਣ ਵਾਲੇ ਪਹਿਲੇ ਭਾਰਤੀ ਅਤੇ ਪੁਲਾੜ ’ਚ ਜਾਣ ਵਾਲੇ ਦੂਜੇ ਭਾਰਤੀ ਵੀ ਹਨ।