
ਡੀਲਰ ਅਰੁਣ ਪਾਸਵਾਨ ਦੇ ਭਰਾ ਸਿੰਘੇਸ਼ਵਰ ਪਾਸਵਾਨ ਨੇ ਦਿਲੀਪ ਸਦਾ ਦੀ ਪਤਨੀ ਕਾਮਨੀ ਦੇਵੀ ਨਾਲ ਬੁਰੇ ਤਰੀਕੇ ਨਾਲ ਕੁੱਟ ਮਾਰ ਕੀਤੀ।
ਦਰਭੰਗਾ, ( ਭਾਸ਼ਾ ) : ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਹਨੂਮਾਨ ਨਗਰ ਪ੍ਰਖੰਡ ਸਥਿਤ ਸਿਨੁਆਰਾ ਪੰਚਾਇਤ ਦੇ ਹਿਛੌਲ ਪਿੰਡ ਦੇ ਸਰਕਾਰੀ ਡੀਪੂ ਤੇ ਔਰਤ ਲਾਭਪਾਤਰੀ ਨੂੰ ਅਪਣਾ ਹੱਕ ਮੰਗਣਾ ਭਾਰੀ ਪੈ ਗਿਆ। ਡੀਲਰ ਅਰੁਣ ਪਾਸਵਾਨ ਦੇ ਭਰਾ ਸਿੰਘੇਸ਼ਵਰ ਪਾਸਵਾਨ ਨੇ ਦਿਲੀਪ ਸਦਾ ਦੀ ਪਤਨੀ ਕਾਮਨੀ ਦੇਵੀ ਨਾਲ ਬੁਰੇ ਤਰੀਕੇ ਨਾਲ ਕੁੱਟ ਮਾਰ ਕੀਤੀ। ਔਰਤ ਵੀ ਅਪਣੇ ਹਿੱਸੇ ਅਤੇ ਅਧਿਕਾਰ ਲਈ ਲੜਦੀ ਰਹੀ।
ਡੀਪੂ ਦੀ ਦੁਕਾਨ ਤੇ ਹਾਜ਼ਰ ਲਗਭਗ ਸਾਰੇ ਲਾਭਪਾਤਰੀਆਂ ਨੂੰ ਇਹ ਸ਼ਿਕਾਇਤ ਸੀ ਕਿ ਡੀਲਰ ਸਮੇਂ ਤੇ ਅਨਾਜ ਨਹੀਂ ਦਿੰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਵੀ ਲੋਕ ਅਨਾਜ ਦੀ ਮੰਗ ਕਰਦੇ ਹਨ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੰਦਾ ਸੀ। ਇਹੀ ਕਾਰਨ ਹੈ ਕਿ ਦੀਵਾਲੀ ਵਰਗੇ ਤਿਉਹਾਰ ਦੇ ਸਮੇਂ ਅਨਾਜ ਲੈਣ ਲਈ ਲੋਕ ਅੜ ਗਏ। ਇਸ ਦੌਰਾਨ ਹੋਈ ਬਹਿਸਬਾਜ਼ੀ ਕੁੱਟ ਮਾਰ ਤੇ ਪਹੁੰਚ ਗਈ।
ਮੌਕੇ ਤੇ ਮੌਜੂਦ ਡੀਲਰ ਦਾ ਵੀ ਮੰਨਣਾ ਹੈ ਕਿ ਦੋ ਮਹੀਨੇ ਪਿੱਛੇ ਦਾ ਅਨਾਜ ਵੰਡਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਅਨਾਜ ਦੀ ਵੰਡ ਵਿਚ ਕਿਸੇ ਤਰਾਂ ਦੀ ਗੜਬੜ ਨੂੰ ਸਿਰੇ ਤੋਂ ਖਾਰਜ ਕਰ ਦਿਤਾ। ਉਨ੍ਹਾਂ ਨੇ ਮੰਨਿਆ ਕਿ ਔਰਤ ਨਾਲ ਕੁਟਮਾਰ ਕਰਨ ਵਾਲਾ ਉਸ ਦਾ ਭਰਾ ਹੈ, ਜੋ ਕਿ ਡੀਪੂ ਦੀ ਦੁਕਾਨ ਤੇ ਕੰਮ ਕਰਦਾ ਹੈ। ਦਰਭੰਗਾ ਦੇ ਜ਼ਿਲ੍ਹਾ ਸਪਲਾਈ ਅਫਸਰ ਸ਼ਤਰੂਘਨ ਪ੍ਰਸਾਦ ਨੇ ਕਿਹਾ ਕਿ ਲਾਭਪਾਤਰੀਆਂ ਨਾਲ ਕੁੱਟ ਮਾਰ ਕੀਤੀ ਗਈ ਹੈ ਜੋ ਕਿ ਵੀਡਿਓ ਵਿਚ ਸਪੱਸ਼ਟ ਦਿਖਾਈ ਦਿੰਦਾ ਹੈ।