
Kolkata News : ਪਿਛਲੇ ਮਹੀਨੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪਾਰਟੀ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼
Kolkata News : ਬਿਧਾਨਨਗਰ ਪੁਲਿਸ ਨੇ ਪਿਛਲੇ ਮਹੀਨੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪਾਰਟੀ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ ’ਚ ਅਦਾਕਾਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਬਣੇ ਮਿਥੁਨ ਚੱਕਰਵਰਤੀ ਵਿਰੁਧ ਬੁਧਵਾਰ ਨੂੰ ਐਫ.ਆਈ.ਆਰ. ਦਰਜ ਕੀਤੀ।
ਪੁਲਿਸ ਸੂਤਰਾਂ ਅਨੁਸਾਰ, ਚੱਕਰਵਰਤੀ ਵਿਰੁਧ ਸ਼ਿਕਾਇਤ 27 ਅਕਤੂਬਰ ਨੂੰ ਸਾਲਟ ਲੇਕ ਖੇਤਰ ਦੇ ਈ.ਜੇਡ.ਸੀ.ਸੀ. ’ਚ ਭਾਜਪਾ ਦੇ ਇਕ ਪ੍ਰੋਗਰਾਮ ਦੌਰਾਨ ਦਿਤੇ ਗਏ ਭਾਸ਼ਣ ਨਾਲ ਸਬੰਧਤ ਹੈ, ਜਿਸ ਦੇ ਅਧਾਰ ’ਤੇ ਪੁਲਿਸ ਨੇ ਬਿਧਾਨਨਗਰ ਦਖਣੀ ਥਾਣੇ ’ਚ ਐਫ.ਆਈ.ਆਰ. ਦਰਜ ਕੀਤੀ ਸੀ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰਸ਼ਿਪ ਮੁਹਿੰਮ ਦੇ ਪਛਮੀ ਬੰਗਾਲ ਪੜਾਅ ਦੀ ਸ਼ੁਰੂਆਤ ਕਰਨ ਲਈ ਕਰਵਾਏ ਪ੍ਰੋਗਰਾਮ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਬਿਧਾਨਨਗਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।’’
ਹਾਲਾਂਕਿ ਚੱਕਰਵਰਤੀ ਟਿਪਣੀ ਲਈ ਉਪਲਬਧ ਨਹੀਂ ਸਨ ਪਰ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਐਫ.ਆਈ.ਆਰ. ਨੂੰ ਬਦਲਾਖੋਰੀ ਦੀ ਸਿਆਸਤ ਦਾ ਨਤੀਜਾ ਦਸਿਆ। ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਭਾਸ਼ਣ ’ਚ ਕੁੱਝ ਵੀ ਭੜਕਾਊ ਨਹੀਂ ਹੈ। ਇਹ ਸਿਰਫ ਪੁਲਿਸ ਨੂੰ ਸਿਆਸੀ ਹਥਿਆਰ ਵਜੋਂ ਵਰਤ ਕੇ ਡਰਾਉਣ ਦੀ ਕੋਸ਼ਿਸ਼ ਹੈ।’’
ਚੱਕਰਵਰਤੀ ਨੂੰ ਇਸ ਸਾਲ ਦੇ ਸ਼ੁਰੂ ’ਚ ਭਾਰਤ ਦੇ ਸਰਵਉੱਚ ਫਿਲਮ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਚੱਕਰਵਰਤੀ ਨੇ 27 ਅਕਤੂਬਰ ਨੂੰ ਕਿਹਾ ਸੀ ਕਿ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਛਮੀ ਬੰਗਾਲ ਦੀ ਗੱਦੀ ਭਾਜਪਾ ਦੀ ਹੋਵੇਗੀ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਸੀ। ਚੱਕਰਵਰਤੀ ਨੇ ਪੂਰਬੀ ਜ਼ੋਨਲ ਕਲਚਰਲ ਸੈਂਟਰ (ਈ.ਜੇਡ.ਸੀ.ਸੀ.) ’ਚ ਕਰਵਾਏ ਪ੍ਰੋਗਰਾਮ ’ਚ ਕਿਹਾ ਸੀ, ‘‘2026 ’ਚ ਮਸਨਾਦ ਸਾਡਾ ਹੋਵੇਗਾ ਅਤੇ ਅਸੀਂ ਇਸ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਯਤਨ ਕਰਾਂਗੇ।’’ (ਪੀਟੀਆਈ)
(For more news apart form FIR against Mithun Chakraborty for giving inflammatory speech. registeredNews in Punjabi, stay tuned to Rozana Spokesman)