ਉਹ ਕਿਸਾਨਾਂ ਨਾਲ ਖੜ੍ਹੇ ਹਨ ਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ।
ਨਵੀਂ ਦਿੱਲੀ-(ਹਰਦੀਪ ਸਿੰਘ ਭੋਗਲ)-ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਅਜਿਹੇ ‘ਚ ਕਿਸਾਨਾਂ ਨੂੰ ਹੁਣ ਸਾਬਕਾ ਫੌਜੀਆਂ ਦਾ ਵੀ ਸਾਥ ਮਿਲਿਆ ਹੈ। ਇਸ ਦੌਰਾਨ ਸਾਬਕਾ ਫੌਜੀ ਹਰਜਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਜਵਾਨਾਂ ਦਾ ਲੱਕ ਤੋੜਿਆ ਹੁਣ ਕਿਸਾਨਾਂ ਤੇ ਵਾਢਾ ਧਰ ਲਿਆ ਹੈ। ਅੱਜ ਕਿਸਾਨ ਦੀ ਗਰਦਨ ’ਤੇ ਆਰਾ ਰੱਖਿਆ ਜਾ ਚੁੱਕਿਆ ਹੈ, ਇਸਦਾ ਸਿੱਧਾ ਅਸਰ ਸਾਡੇ ਬੱਚਿਆਂ ਦੇ ਭਵਿੱਖ ’ਤੇ ਪਵੇਗਾ। ਮੋਦੀ ਦੇ ਇਸ ਕਾਨੂੰਨ ਦਾ ਅਸੀਂ ਵਿਰੋਧ ਕਿਉਂ ਨਹੀਂ ਕਰਾਂਗੇ। ਅਸੀਂ ਜਵਾਨ ਹਾਂ ਅਸੀਂ ਸਰਹੱਦਾਂ ਦੀ ਰਾਖੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੰਤਰ ਮੰਤਰ ’ਤੇ ਪ੍ਰਦਰਸ਼ਨ ਕਰਿਦਆਂ ਕੱਲ੍ਹ ਸਾਨੂੰ 2000 ਦਿਨ ਹੋ ਗਏ ਹਨ ਕੱਲ੍ਹ ਅਸੀਂ ਇਸ ਦਿਨ ਨੂੰ ਮਨਾਇਆ ਵੀ ਹੈ। 6 ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਉਧਰ ਸਾਡਾ ਸੰਘਰਸ਼ ਇੱਕ ਰੈਂਕ ਇੱਕ ਪੈਨਸ਼ਨ ਜਾਰੀ ਹੈ ਉਹ ਖਤਮ ਨਹੀਂ ਪਰ ਅਸੀਂ ਹੁਣ ਇਧਰ ਨੂੰ ਰੁਖ ਕਰ ਲਿਆ ਹੈ। ਅਸੀਂ 2008 ਤੋਂ ਸੰਘਰਸ਼ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕਈ ਥਾਵਾਂ ਤੋਂ ਕਾਲਜਾਂ ਦੇ ਵਿਦਿਆਰਥੀ ਆਏ ਹਨ ਬੁਧੀਜੀਵੀ ਲੋਕ ਆਏ ਹੋਏ ਹਨ ਸਭ ਲੋਕ ਇਸ ਦਾ ਸਮਰਥਨ ਕਰ ਰਹੇ ਹਨ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਸ ਪ੍ਰਦਰਸ਼ਨ ਬਾਰੇ ਨਹੀਂ ਪਤਾ, ਅਸੀਂ ਉਨ੍ਹਾਂ ਤੱਕ ਵੀ ਆਪਣੀ ਗੱਲ ਪਹੁੰਚਾਣੀ ਚਹੁੰਦੇ ਹਾਂ ਪਰ ਮੋਦੀ ਦਾ ਗੋਦੀ ਮੀਡੀਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।
ਸਰਕਾਰ ਦੀ ਮਨਸ਼ਾ ਕਿਸੇ ਵੀ ਜਵਾਨ, ਮਜਦੂਰ ਕਿਸਾਨ ਜਾ ਕਿਸੇ ਵੀ ਹੋਰ ਵਰਗ ਦੇ ਲੋਕਾਂ ਲਈ ਸਾਫ ਨਹੀਂ ਸੀ। ਸਰਕਾਰ ਨੂੰ ਵੀ ਅਸੀਂ ਕਿਸਾਨ ਮਜ਼ਦੂਰ, ਜਵਾਨ ਤੇ ਹੋਰ ਆਮ ਆਦਮੀ ਚੁਣਦੇ ਹਾਂ ਪਰ ਇਹ ਸਰਕਾਰ ਕੰਮ ਕਾਰਪੋਰੇਟ ਘਰਾਣਿਆਂ ਲਈ ਕਰ ਰਹੀ ਹੈ। ਸਾਡੇ ਫੌਜੀਆਂ ਨਾਲ ਧੱਕਾ 1953 'ਚ ਹੀ ਸ਼ੁਰੂ ਹੋ ਗਿਆ ਸੀ ਪਰ 6ਵੇਂ ਤਨਖਾਹ ਕਮਿਸ਼ਨ 'ਚ ਫਿਰ ਧੱਕਾ ਹੋਇਆ। 7ਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਅਸੀਂ ਸਭ ਸੜਕਾਂ ਤੇ ਹਾਂ ਅਤੇ ਸੁਪਰੀਮ ਕੋਰਟ ਵਿਚ ਵੀ ਸਾਡਾ ਕੇਸ ਚੱਲ ਰਿਹਾ ਹੈ। ਉਧਰ ਅਸੀਂ ਮੋਦੀ ਨਾਲ ਲੜਾਈ ਲੜ ਰਹੇ ਹਾਂ ਤੇ ਹੁਣ ਦੂਜੇ ਪਾਸੇ ਸਾਡੇ ਪਰਿਵਾਰਾਂ ਦੀਆਂ ਮਾਵਾਂ ਧੀਆਂ ਨੂੰ ਸੜਕਾਂ ਤੇ ਲਿਆ ਕੇ ਬਿਠਾ ਦਿੱਤਾ ਅਸੀਂ ਕਿਵੇਂ ਚੁੱਪ ਰਹਿ ਸਕਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਕੇਂਦਰ ਸਰਕਾਰ ਨੂੰ ਸਖ਼ਤ ਲਲਕਾਰ ਹੈ ਕਿ ਦੇਸ਼ ਦੇ ਪੜ੍ਹੇ ਲਿਖੇ ਲੋਕਾਂ ਨੂੰ ਸਮਝਾ ਰਹੇ ਹਨ ਮੋਦੀ ਨੂੰ ਸਮਝਾਓ ਕਿ ਦੇਸ਼ ਦੇ ਹਾਲਾਤ ਨਾ ਵਿਗਾੜੇ। ਅਸੀਂ ਲੋਕਾਂ ਨੇ 1984 ਵੀ ਵੇਖਿਆ, ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਵੀ ਦੇਖੀ, ਪੰਜਾਬ ਦਾ ਜੇਲ੍ਹ ਭਰੋ ਅੰਦੋਲਨ ਵੀ ਵੇਖਿਆ ਹੈ। ਉਸ ਵੇਲੇ ਐਮਰਜੈਂਸੀ ਪੰਜਾਬ ਨੇ ਤੁੜਵਾਈ ਸੀ। ਬੇਸ਼ੱਕ ਅਸੀਂ ਫੌਜ 'ਚ ਨੌਕਰੀ ਕੀਤੀ ਹੈ ਪਰ ਅਸੀਂ ਆਪਣਾ ਇਤਿਹਾਸ ਵੀ ਫਲੋਰਦੇ ਰਹਿੰਦੇ ਹਾਂ।
ਖਿਡਾਰੀਆਂ, ਸਾਹਿਤਕਾਰਾਂ ਤੇ ਕਲਾਕਾਰਾਂ ਵੱਲੋਂ ਆਪਣੇ ਐਵਾਰਡ ਵਾਪਿਸ ਕਰਨ ਬਾਰੇ ਸਾਬਕਾ ਫੌਜੀ ਨੇ ਕਿਹਾ ਐਵਾਰਡ ਵਾਪਿਸ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾ ਵੀ ਵੱਖ-ਵੱਖ ਸਮੇਂ ਐਵਾਰਡ ਮੋੜੇ ਜਾ ਚੁਕੇ ਹਨ, ਜੋ ਕਿ ਚੰਗੀ ਗੱਲ ਹੈ। ਉਨ੍ਹਾਂ ਕਿਹਾ ਰੇਵਾੜੀ ਵਿਖੇ ਇਕ ਰੈਲੀ ਦੌਰਾਨ ਮੋਦੀ ਨੇ ਕਿਹਾ ਸੀ "ਫੌਜੀਓ ਇਕ ਵਾਰ ਪ੍ਰਧਾਨ ਮੰਤਰੀ ਬਣਾ ਦਿਓ ਮੈਂ ਜਵਾਨਾਂ ਨੂੰ ਰੋਂਦੇ ਨਹੀਂ ਦੇਖ ਸਕਦਾ ਅਜੇ ਮੋਦੀ ਨੇ ਜਵਾਨ ਵੀ ਰੁਵਾ ਦਿੱਤਾ ਤੇ ਕਿਸਾਨ ਵੀ। " ਉਨ੍ਹਾਂ ਅੱਗੇ ਕਿਹਾ ਉਹ ਕਿਸਾਨਾਂ ਨਾਲ ਖੜ੍ਹੇ ਹਨ ਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ।