
ਹਾਲਾਂਕਿ ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਨਵੀਂ ਦਿੱਲੀ: ਦਿੱਲੀ ਦੇ ਕਾਂਝਵਾਲਾ ਕਾਂਡ 'ਚ ਮਾਰੀ ਗਈ ਅੰਜਲੀ ਦੀ ਦੋਸਤ ਨਿਧੀ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਧੀ ਨੂੰ ਦੋ ਸਾਲ ਪਹਿਲਾਂ ਆਗਰਾ ਕੈਂਟ ਰੇਲਵੇ ਸਟੇਸ਼ਨ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਿਆਂ ਫੜਿਆ ਗਿਆ ਸੀ। ਪੁਲਿਸ ਨੇ ਉਸ ਕੋਲੋਂ 10 ਕਿਲੋ ਗਾਂਜਾ ਬਰਾਮਦ ਕੀਤਾ ਸੀ। ਜੀਆਰਪੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਹਾਲਾਂਕਿ ਬਾਅਦ 'ਚ ਉਸ ਨੂੰ ਜ਼ਮਾਨਤ ਮਿਲ ਗਈ ਸੀ।
ਨਿਧੀ 31 ਦਸੰਬਰ ਦੀ ਰਾਤ ਨੂੰ ਦਿੱਲੀ 'ਚ ਅੰਜਲੀ ਸਿੰਘ ਨਾਲ ਸਕੂਟੀ 'ਤੇ ਸਵਾਰ ਸੀ, ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਈ ਸੀ। ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਨਿਧੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਦੌਰਾਨ ਉਸ ਦੇ ਨਸ਼ੇ ਦੇ ਸਬੰਧ ਦਾ ਮਾਮਲਾ ਸਾਹਮਣੇ ਆਇਆ।
ਆਗਰਾ ਦੇ ਐਸਪੀ ਨੇ ਦੱਸਿਆ ਕਿ 6 ਦਸੰਬਰ 2020 ਨੂੰ ਆਗਰਾ ਕੈਂਟ ਜੀਆਰਪੀ ਨੇ ਚੈਕਿੰਗ ਦੌਰਾਨ ਤੇਲੰਗਾਨਾ ਐਕਸਪ੍ਰੈਸ ਤੋਂ ਤਿੰਨ ਗਾਂਜਾ ਤਸਕਰਾਂ ਨੂੰ ਫੜਿਆ ਸੀ। ਫੜੇ ਗਏ ਮੁਲਜ਼ਮਾਂ ਵਿੱਚ ਨਿਧੀ ਸ਼ਾਮਲ ਸੀ।
ਉਸ ਸਮੇਂ ਤਿੰਨਾਂ ਕੋਲੋਂ 10-10 ਕਿਲੋ ਗਾਂਜਾ ਬਰਾਮਦ ਹੋਇਆ ਸੀ। ਐਸਪੀ ਦਾ ਕਹਿਣਾ ਹੈ ਕਿ ਆਗਰਾ ਕੈਂਟ ਤੋਂ ਫੜੀ ਗਈ ਲੜਕੀ ਦਾ ਨਾਮ ਅਤੇ ਪਿਤਾ ਦਾ ਨਾਮ ਦਿੱਲੀ ਵਿੱਚ ਮ੍ਰਿਤਕ ਅੰਜਲੀ ਦੀ ਦੋਸਤ ਨਿਧੀ ਨਾਲ ਮੇਲ ਖਾਂਦਾ ਹੈ।
ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 1 ਜਨਵਰੀ ਨੂੰ ਪੁਲਿਸ ਨੇ ਮਨੋਜ ਮਿੱਤਲ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਦੀਪਕ ਖੰਨਾ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ 5 ਜਨਵਰੀ ਨੂੰ ਦੱਸਿਆ ਕਿ ਇਸ ਮਾਮਲੇ 'ਚ ਦੋ ਹੋਰ ਲੋਕ ਸ਼ਾਮਲ ਹਨ। ਉਨ੍ਹਾਂ ਦੇ ਨਾਂ ਅੰਕੁਸ਼ ਖੰਨਾ ਅਤੇ ਆਸ਼ੂਤੋਸ਼ ਹਨ। ਆਸ਼ੂਤੋਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੱਤਵਾਂ ਮੁਲਜ਼ਮ ਅੰਕੁਸ਼ ਖੰਨਾ ਅਜੇ ਫਰਾਰ ਹੈ।