
ਯਾਤਰਾ ਰਾਤ ਲਈ ਇੱਥੇ ਇੰਦਰੀ ਵਿਖੇ ਰੁਕੇਗੀ ਅਤੇ ਅਗਲੀ ਸਵੇਰ ਕੁਰੂਕਸ਼ੇਤਰ ਜ਼ਿਲ੍ਹੇ ਵੱਲ ਰਵਾਨਾ ਹੋਵੇਗੀ।
ਕਰਨਾਲ: ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਸ਼ਨੀਵਾਰ ਸਵੇਰੇ ਹਰਿਆਣਾ ਦੇ ਪਾਣੀਪਤ ਤੋਂ ਕਰਨਾਲ ਜ਼ਿਲ੍ਹੇ 'ਚ ਪਹੁੰਚੀ ਅਤੇ ਸੈਂਕੜੇ ਲੋਕਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕੀਤੀ। ਇਸ ਮੌਕੇ ਉਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਥੋਂ ਦੇ ਘੜੌਂਦਾ ਪਿੰਡ ਕੋਹੰਦ ਤੋਂ ਸ਼ੁਰੂ ਹੋਈ ਯਾਤਰਾ ਵਿਚ ਹਿੱਸਾ ਲਿਆ।
ਯਾਤਰਾ ਰਾਤ ਲਈ ਇੱਥੇ ਇੰਦਰੀ ਵਿਖੇ ਰੁਕੇਗੀ ਅਤੇ ਅਗਲੀ ਸਵੇਰ ਕੁਰੂਕਸ਼ੇਤਰ ਜ਼ਿਲ੍ਹੇ ਵੱਲ ਰਵਾਨਾ ਹੋਵੇਗੀ। 'ਭਾਰਤ ਜੋੜੋ ਯਾਤਰਾ' ਵੀਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਤੋਂ ਹਰਿਆਣਾ ਵਿਚ ਮੁੜ ਦਾਖਲ ਹੋਈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪਾਣੀਪਤ 'ਚ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਅਰਥਵਿਵਸਥਾ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ।
ਹਰਿਆਣਾ ਵਿਚ 21 ਤੋਂ 23 ਦਸੰਬਰ ਤੱਕ ਯਾਤਰਾ ਦਾ ਪਹਿਲਾ ਪੜਾਅ 130 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨੂਹ, ਗੁਰੂਗ੍ਰਾਮ ਅਤੇ ਫਰੀਦਾਬਾਦ ਜ਼ਿਲ੍ਹਿਆਂ ਵਿਚੋਂ ਲੰਘਿਆ। 'ਭਾਰਤ ਜੋੜੋ ਯਾਤਰਾ' 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ 30 ਜਨਵਰੀ ਨੂੰ ਰਾਹੁਲ ਗਾਂਧੀ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਦੇ ਨਾਲ ਸ਼੍ਰੀਨਗਰ ਵਿਚ ਸਮਾਪਤ ਹੋਵੇਗੀ।