
ਸ਼ਿਮਲਾ ਤੋਂ ਵੀ ਜ਼ਿਆਦਾ ਠੰਡੀ ਰਹੀ ਰਾਜਧਾਨੀ
ਨਵੀਂ ਦਿੱਲੀ : ਦਿੱਲੀ-ਐੱਨਸੀਆਰ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਠੰਡ ਲਗਾਤਾਰ ਰਿਕਾਰਡ ਤੋੜ ਰਹੀ ਹੈ। ਕੰਬਣੀ ਛੇੜਨ ਵਾਲੀ ਇਸ ਠੰਡ ਦਾ ਇਹ ਹਾਲ ਹੈ ਕਿ ਸ਼ਨੀਵਾਰ ਨੂੰ ਵੀ ਦਿੱਲੀ ਦੇ ਤਿੰਨ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਤੋਂ ਘੱਟ ਰਿਹਾ। ਅੱਜ ਦਿੱਲੀ ਖੇਤਰ ਵਿੱਚ ਘੱਟੋ-ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਸਫਦਰਜੰਗ ਵਿੱਚ 2.2 ਅਤੇ ਅਯਾਨਗਰ ਵਿੱਚ 3.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਦਿੱਲੀ 'ਚ ਹੱਡ ਚੀਰਵੀਂ ਠੰਡ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਹੈ। ਇੱਕ ਹਫ਼ਤੇ ਤੱਕ ਸਵੇਰ ਵੇਲੇ ਸੰਘਣੀ ਧੁੰਦ ਪ੍ਰੇਸ਼ਾਨ ਕਰਦੀ ਰਹੇਗੀ। ਇਸ ਦੇ ਨਾਲ ਹੀ ਸ਼ੁੱਕਰਵਾਰ ਦੀ ਤਰ੍ਹਾਂ ਦਿੱਲੀ ਸ਼ਨੀਵਾਰ ਨੂੰ ਵੀ ਸ਼ਿਮਲਾ ਦੇ ਮੁਕਾਬਲੇ ਜ਼ਿਆਦਾ ਠੰਡੀ ਰਹੀ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਤੋਂ ਠੰਢ ਤੋਂ ਕੁਝ ਰਾਹਤ ਮਿਲੇਗੀ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਐਤਵਾਰ ਤੋਂ ਤਾਪਮਾਨ ਹੋਰ ਵਧਣਾ ਸ਼ੁਰੂ ਹੋ ਜਾਵੇਗਾ। 12 ਜਨਵਰੀ ਤੱਕ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਾਲਾਂਕਿ, ਸੰਘਣੀ ਧੁੰਦ ਅਗਲੇ ਹਫਤੇ ਤੱਕ ਪ੍ਰੇਸ਼ਾਨ ਕਰਦੀ ਰਹੇਗੀ।