
490 ਫੁੱਟ ਦੀ ਡੂੰਘਾਈ ’ਤੇ 540 ਫੁੱਟ ਡੂੰਘੇ ਬੋਰਵੈੱਲ ’ਚ ਫਸੀ ਹੋਈ ਹੈ
Gujarat Borewell Accident: ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਇਕ ਪਿੰਡ ’ਚ ਸੋਮਵਾਰ ਸਵੇਰੇ ਇਕ 18 ਸਾਲ ਦੀ ਕੁੜੀ ਡੂੰਘੇ ਬੋਰਵੈੱਲ ’ਚ ਡਿੱਗ ਗਈ ਅਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਭੁਜ ਤਾਲੁਕਾ ਦੇ ਕੁੰਦਰਾਈ ਪਿੰਡ ’ਚ ਸਵੇਰੇ ਕਰੀਬ 6:30 ਵਜੇ ਵਾਪਰੀ।
ਭੁਜ ਦੇ ਡਿਪਟੀ ਕੁਲੈਕਟਰ ਏ ਬੀ ਜਾਧਵ ਨੇ ਕਿਹਾ ਕਿ ਕੁੜੀ ਰਾਜਸਥਾਨ ਦੇ ਪ੍ਰਵਾਸੀ ਮਜ਼ਦੂਰਾਂ ਦੇ ਪਰਵਾਰ ਨਾਲ ਸਬੰਧਤ ਹੈ। ਉਹ 490 ਫੁੱਟ ਦੀ ਡੂੰਘਾਈ ’ਤੇ 540 ਫੁੱਟ ਡੂੰਘੇ ਬੋਰਵੈੱਲ ’ਚ ਫਸੀ ਹੋਈ ਹੈ। ਜਦੋਂ ਪਰਵਾਰ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਦੀ 18 ਸਾਲ ਦੀ ਕੁੜੀ ਬੋਰਵੈੱਲ ’ਚ ਡਿੱਗ ਗਈ ਹੈ ਤਾਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਏਨੀ ਉਮਰ ਦੀ ਕੁੜੀ ਬੋਰਵੈੱਲ ’ਚ ਕਿਵੇਂ ਡਿੱਗੀ। ਜਾਧਵ ਨੇ ਕਿਹਾ ਕਿ ਉਸ ਨੇ ਦੁਪਹਿਰ ਨੂੰ ਕੈਮਰੇ ਦੀ ਮਦਦ ਨਾਲ ਬੋਰਵੈੱਲ ’ਚ ਅਪਣੀ ਮੌਜੂਦਗੀ ਦੀ ਪੁਸ਼ਟੀ ਕੀਤੀ।
ਉਨ੍ਹਾਂ ਕਿਹਾ ਕਿ ਸਥਾਨਕ ਬਚਾਅ ਟੀਮ ਲਗਾਤਾਰ ਬੋਰਵੈੱਲ ’ਚ ਆਕਸੀਜਨ ਪਹੁੰਚਾ ਰਹੀ ਹੈ। ਅਧਿਕਾਰੀ ਨੇ ਦਸਿਆ ਕਿ ਕੁੜੀ ਬੇਹੋਸ਼ੀ ਦੀ ਹਾਲਤ ’ਚ ਹੈ। ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਥਾਨਕ ਬਚਾਅ ਟੀਮਾਂ ਉਸ ਨੂੰ ਆਕਸੀਜਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ’ਚ ਸਹਾਇਤਾ ਲਈ ਐਨ.ਡੀ.ਆਰ.ਐਫ. ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ।