ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਭੀੜ ਨੂੰ ਭਜਾਇਆ, ਕਈ ਅਧਿਕਾਰੀ ਹੋਏ ਜ਼ਖਮੀ
ਨਵੀਂ ਦਿੱਲੀ: ਦਿੱਲੀ ਵਿੱਚ ਰਾਮਲੀਲਾ ਮੈਦਾਨ ਦੇ ਨੇੜੇ ਮਸਜਿਦ ਅਤੇ ਕਬਰਿਸਤਾਨ ਨਾਲ ਲੱਗਦੀ ਜ਼ਮੀਨ ਤੋਂ ਲੰਘੀ ਦੇਰ ਰਾਤ ਲਗਭਗ 1 ਵਜੇ ਕਬਜ਼ਾ ਹਟਾਇਆ ਗਿਆ। ਦਿੱਲੀ ਹਾਈਕੋਰਟ ਦੇ ਹੁਕਮ ਤੇ ਐਮ.ਸੀ.ਡੀ. ਨੇ 17 ਬੁਲਡੋਜ਼ਰਾਂ ਨਾਲ ਇੱਥੇ ਬਣੇ ਬਰਾਤ ਘਰ, ਡਾਇਗਨੋਸਟਿਕ ਸੈਂਟਰ ਅਤੇ ਦੁਕਾਨਾਂ ਨੂੰ ਢਾਹ ਦਿੱਤਾ।
ਤੁਰਕਮਾਨ ਗੇਟ ’ਤੇ ਸਥਿਤ ਫ਼ੈਜ਼-ਏ-ਇਲਾਹੀ ਮਸਜਿਦ ਦੇ ਨੇੜੇ ਜਦੋਂ ਇਹ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਭੀੜ ਨੇ ਐਮ.ਸੀ.ਡੀ. ਕਰਮਚਾਰੀਆਂ ਅਤੇ ਪੁਲਿਸ ਤੇ ਪੱਥਰਾਂ ਨਾਲ ਹਮਲਾ ਕੀਤਾ। ਭੀੜ ਬੈਰੀਕੇਡਿੰਗ ਤੋੜ ਕੇ ਕਾਰਵਾਈ ਰੋਕਣ ਪਹੁੰਚੀ ਸੀ, ਪਰ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਭੀੜ ਨੂੰ ਖਦੇੜ ਦਿੱਤਾ।
ਸੈਂਟਰਲ ਰੇਂਜ ਦੇ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਮਧੁਰ ਵਰਮਾ ਨੇ ਕਿਹਾ ਕਿ ਹਾਲਾਤ ਕੰਟਰੋਲ ਵਿੱਚ ਹਨ ਅਤੇ ਪੂਰੇ ਇਲਾਕੇ ਨੂੰ 9 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਹਰ ਜ਼ੋਨ ਦੀ ਜ਼ਿੰਮੇਵਾਰੀ ਏ.ਡੀ.ਸੀ.ਪੀ. ਲੈਵਲ ਦੇ ਅਫ਼ਸਰ ਨੂੰ ਦਿੱਤੀ ਗਈ ਹੈ। ਸੰਵੇਦਨਸ਼ੀਲ ਥਾਵਾਂ ਤੇ ਪੁਲਿਸ ਦੀਆਂ ਟੀਮਾਂ ਤਾਇਨਾਤ ਹਨ ਅਤੇ ਵੀਡੀਓ ਰਾਹੀਂ ਪੱਥਰਬਾਜ਼ਾਂ ਦੀ ਪਛਾਣ ਕੀਤੀ ਜਾਵੇਗੀ।
ਉੱਥੇ ਹੀ ਡੀ.ਸੀ.ਪੀ. ਨਿਧੀਨ ਵਲਸਨ ਨੇ ਕਿਹਾ ਕਿ ਐਮ.ਸੀ.ਡੀ. ਨੇ ਦਿੱਲੀ ਹਾਈਕੋਰਟ ਦੇ ਹੁਕਮ ’ਤੇ ਕਾਰਵਾਈ ਕੀਤੀ, ਜੋ ਅਜੇ ਵੀ ਜਾਰੀ ਹੈ। ਭੀੜ ਵੱਲੋਂ ਕੀਤੀ ਗਈ ਪੱਥਰਬਾਜ਼ੀ ਕਾਰਨ 4-5 ਅਫ਼ਸਰਾਂ ਨੂੰ ਸੱਟਾਂ ਲੱਗੀਆਂ ਹਨ।
