
ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵੀਸੀ ਵਜੋਂ ਪ੍ਰੋਫੈਸਰ ਪੰਡਿਤ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ।
ਨਵੀਂ ਦਿੱਲੀ - ਸਾਵਿਤਰੀਬਾਈ ਫੂਲੇ ਯੂਨੀਵਰਸਿਟੀ ਦੀ ਪ੍ਰੋਫੈਸਰ ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਨੂੰ JNU ਦੀ ਨਵੀਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਪ੍ਰੋਫੈਸਰ ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਜੇਐਨਯੂ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਹੋਵੇਗੀ। ਸਿੱਖਿਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵੀਸੀ ਵਜੋਂ ਪ੍ਰੋਫੈਸਰ ਪੰਡਿਤ ਦਾ ਕਾਰਜਕਾਲ ਪੰਜ ਸਾਲ ਦਾ ਹੋਵੇਗਾ।
ਜੇਐਨਯੂ ਦੇ ਵਿਜ਼ਟਰ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰੋਫੈਸਰ ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਦੀ ਜੇਐਨਯੂ ਵਾਈਸ ਚਾਂਸਲਰ ਵਜੋਂ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਸਨ। ਪ੍ਰੋਫੈਸਰ ਪੰਡਿਤ ਨੇ ਆਪਣੇ ਅਕਾਦਮਿਕ ਜੀਵਨ ਦੌਰਾਨ 29 ਪੀਐਚਡੀ ਵਿਦਵਾਨਾਂ ਦਾ ਮਾਰਗਦਰਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕੋਈ ਮਹਿਲਾ ਉਪ ਕੁਲਪਤੀ ਦੇਸ਼ ਦੀ ਇਸ ਵੱਕਾਰੀ ਯੂਨੀਵਰਸਿਟੀ ਦੀ ਅਗਵਾਈ ਕਰੇਗੀ। ਪ੍ਰੋਫੈਸਰ ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਪੁਣੇ ਯੂਨੀਵਰਸਿਟੀ ਵਿਚ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ ਵਿਚ ਪ੍ਰੋਫੈਸਰ ਰਹਿ ਚੁੱਕੇ ਹਨ। ਉਹਨਾਂ ਕੋਲ ਵਿਸ਼ਾਲ ਤਜਰਬਾ ਹੈ। ਉਹ ਜੇਐਨਯੂ ਦੀ ਸਾਬਕਾ ਵਿਦਿਆਰਥੀ ਵੀ ਹਨ।
ਪ੍ਰੋਫੈਸਰ ਪੰਡਿਤ ਨੇ ਜੇਐਨਯੂ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਐਮਫਿਲ ਅਤੇ ਭਾਰਤੀ ਸੰਸਦ ਅਤੇ ਵਿਦੇਸ਼ ਨੀਤੀ ਉੱਤੇ ਪੀਐਚਡੀ ਕੀਤੀ ਹੈ। ਉਹਨਾਂ ਨੇ ਅਮਰੀਕਾ ਦੀ ਮਸ਼ਹੂਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਵਿਚ ਡਿਪਲੋਮਾ ਵੀ ਕੀਤਾ ਹੈ। ਇਸ ਤੋਂ ਇਲਾਵਾ ਇਤਿਹਾਸ ਅਤੇ ਸਮਾਜਿਕ ਮਨੋਵਿਗਿਆਨ ਵਿਚ ਬੀਏ ਅਤੇ ਐੱਮਏ ਰਾਜਨੀਤੀ ਵਿਗਿਆਨ ਪ੍ਰੈਜ਼ੀਡੈਂਸੀ ਕਾਲਜ, ਮਦਰਾਸ ਤੋਂ ਕੀਤਾ ਹੈ।
JNU
ਪ੍ਰੋਫੈਸਰ ਪੰਡਿਤ ਨੇ 1988 ਵਿਚ ਗੋਆ ਯੂਨੀਵਰਸਿਟੀ ਤੋਂ ਆਪਣਾ ਅਕਾਦਮਿਕ ਅਧਿਆਪਨ ਕੈਰੀਅਰ ਸ਼ੁਰੂ ਕੀਤਾ ਅਤੇ ਫਿਰ 1993 ਵਿਚ ਪੁਣੇ ਯੂਨੀਵਰਸਿਟੀ ਚਲੇ ਗਏ। ਉਹ ਵੱਖ-ਵੱਖ ਅਕਾਦਮਿਕ ਸੰਸਥਾਵਾਂ ਵਿਚ ਪ੍ਰਬੰਧਕੀ ਅਹੁਦਿਆਂ 'ਤੇ ਰਹੇ ਹਨ। ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ), ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈਸੀਐਸਐਸਆਰ) ਦੇ ਮੈਂਬਰ ਵੀ ਰਹੇ ਹਨ।
ਜੇਐਨਯੂ ਦੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋਫੈਸਰ ਐਮ ਜਗਦੀਸ਼ ਕੁਮਾਰ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ। ਪ੍ਰੋਫੈਸਰ ਕੁਮਾਰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਤੋਂ ਹੀ ਕਾਰਜਕਾਰੀ ਉਪ-ਕੁਲਪਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।