
ਵਿਦਿਆਰਥੀਆਂ ਤੋਂ ਇਲਾਵਾ ਸਕੂਲ ਸਟਾਫ਼ ਵੀ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਨਜ਼ਰ ਆਏ
ਨਵੀਂ ਦਿੱਲੀ - ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਕਮੀ ਆਉਣ ਤੋਂ ਬਾਅਦ ਸੋਮਵਾਰ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਖੁੱਲ੍ਹ ਗਏ ਹਨ, ਜਦਕਿ ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਸਕੂਲ ਅਗਲੇ ਹਫਤੇ 14 ਫਰਵਰੀ ਤੋਂ ਖੋਲ੍ਹੇ ਜਾਣਗੇ। ਸੋਮਵਾਰ ਨੂੰ ਜਦੋਂ 9ਵੀਂ ਤੋਂ 12ਵੀਂ ਜਮਾਤ ਤੱਕ ਸਕੂਲ ਖੁੱਲ੍ਹੇ ਤਾਂ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਸਟਾਫ਼ ਵੀ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਨਜ਼ਰ ਆਏ। ਦੂਜੇ ਪਾਸੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਕੈਂਟ ਸਥਿਤ ਸਰਵੋਦਿਆ ਕੰਨਿਆ ਵਿਦਿਆਲਿਆ ਪੁੱਜੇ ਅਤੇ ਇੱਥੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ’ਤੇ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਦੇ ਸਵਾਗਤ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਕੇਜਰੀਵਾਲ ਨੇ ਟਵੀਟ ਕੀਤਾ, ‘‘ਬੱਚਿਆਂ ਨੂੰ ਵਾਪਸ ਸਕੂਲ ’ਚ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਬੱਚੇ ਵੀ ਬੇਚਾਰੇ ਪਰੇਸ਼ਾਨ ਹੋ ਗਏ। ਰੱਬ ਨਾ ਕਰੇ ਹੁਣ ਮੁੜ ਸਕੂਲ ਬੰਦ ਕਰਨ ਦੀ ਜ਼ਰੂਰਤ ਪਵੇ।’’ ਓਧਰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਤੇ ਲਿਖਿਆ ਕਿ ‘‘ਦਿੱਲੀ ਦੇ ਸਕੂਲ ਆਖ਼ਰਕਾਰ ਖੁੱਲ੍ਹ ਗਏ ਹਨ। ਬੱਚਿਆਂ ਦੀ ਵਾਪਸੀ ਨਾਲ ਸਕੂਲਾਂ ਵਿਚ ਰੌਣਕ ਪਰਤ ਆਈ ਹੈ। ਇਸ ਦਰਮਿਆਨ ਕੁਝ ਨਿੱਜੀ ਸਕੂਲ ਸੋਮਵਾਰ ਨੂੰ ਨਹੀਂ ਖੁੱਲ੍ਹੇ।’’ ਓਧਰ ਕੇਂਦਰ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ਤੋਂ ਵਿਦਿਆਰਥੀਆਂ ਦੇ ਸਕੂਲ ਕੰਪਲੈਕਸ ’ਚ ਜਮਾਤਾਂ ਲੈਣ ਲਈ ਮਾਪਿਆਂ ਦੀ ਸਹਿਮਤੀ ਦੀ ਜ਼ਰੂਰਤ ਨੂੰ ਹਟਾ ਦਿੱਤਾ ਹੈ ਅਤੇ ਇਸ ਨੂੰ ਸੂਬਿਆਂ ’ਤੇ ਛੱਡ ਦਿੱਤਾ ਹੈ। ਦਿੱਲੀ ਸਰਕਾਰ ਨੇ ਹੁਣ ਵੀ ਇਸ ਨਿਯਮ ਨੂੰ ਜਾਰੀ ਰੱਖਿਆ ਹੈ।
ਦੱਸ ਦਈਏ ਕਿ ਕੋਵਿਡ-19 ਦੇ ਕਹਿਰ ਕਾਰਨ ਲੰਬੇ ਸਮੇਂ ਤੱਕ ਸਕੂਲ ਬੰਦ ਰਹਿਣ ਮਗਰੋਂ ਸਕੂਲਾਂ ਨੂੰ ਪਿਛਲੇ ਸਾਲ ਕੁਝ ਦਿਨਾਂ ਲਈ ਹੀ ਖੋਲ੍ਹਿਆ ਜਾ ਸਕਿਆ ਸੀ। ਕੋਰੋਨਾ ਵਾਇਰਸ ਦੇ ‘ਓਮੀਕਰੋਨ’ ਵੈਰੀਐਂਟ ਕਾਰਨ ਆਈ ਕੋਵਿਡ-19 ਦੀ ਤੀਜੀ ਲਹਿਰ ਦੇ ਚੱਲਦੇ 28 ਦਸੰਬਰ ਤੋਂ ਸਕੂਲ ਫਿਰ ਤੋਂ ਬੰਦ ਕਰ ਦਿੱਤੇ ਗਏ ਸਨ।