
ED News : 65 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ED takes major action against former General Manager of Sikkim Bank News in Punjabi : ਗੰਗਟੋਕ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਿੱਕਮ ਸਥਿਤ ਇਕ ਬੈਂਕ ਦੇ ਸਾਬਕਾ ਜਨਰਲ ਮੈਨੇਜਰ (ਜੀਐਮ) ਪੱਧਰ ਦੇ ਅਧਿਕਾਰੀ ਦੀ 65.46 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਸਬੰਧਤ ਇਕ ਮਾਮਲੇ ਤਹਿਤ ਕੀਤੀ ਗਈ ਹੈ।
ਈਡੀ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਬਤ ਕੀਤੀਆਂ ਜਾਇਦਾਦਾਂ ਵਿਚ ਚਾਰ ਰਿਹਾਇਸ਼ੀ ਜਾਇਦਾਦਾਂ ਅਤੇ ਪਲਾਟ ਸ਼ਾਮਲ ਹਨ। ਇਹ ਜਾਇਦਾਦਾਂ ਸਿੱਕਮ ਦੇ ਦੇਵਰਾਲੀ, ਸਿਆਰੀ, ਰਾਣੀਪੂਲ ਅਤੇ ਪੇਨਲੋਂਗ ਵਿਚ ਸਥਿਤ ਹਨ।
ਇਹ ਜਾਇਦਾਦਾਂ ਕਥਿਤ ਤੌਰ 'ਤੇ ਸਟੇਟ ਬੈਂਕ ਆਫ਼ ਸਿੱਕਮ (SBS) ਤੋਂ ਫ਼ੰਡਾਂ ਦੀ ਹੇਰਾਫੇਰੀ ਕਰ ਕੇ ਖ਼ਰੀਦੀਆਂ ਗਈਆਂ ਸਨ। ਈਡੀ ਦੇ ਅਨੁਸਾਰ, ਦੋਰਜੀ ਸ਼ੇਰਿੰਗ ਲੇਪਚਾ, ਜੋ ਕਿ ਬੈਂਕ ਦੇ ਜਨਰਲ ਮੈਨੇਜਰ ਸਨ, ਇਸ ਫ਼ੰਡ ਦੇ ਗਬਨ ਵਿਚ ਸ਼ਾਮਲ ਸਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਲੇਪਚਾ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੇ ਨਾਮ 'ਤੇ ਵੱਖ-ਵੱਖ ਬੈਂਕ ਖਾਤਿਆਂ ਵਿਚ ਜਮ੍ਹਾ ਕੀਤੇ ਗਏ ਲਗਭਗ 53.41 ਕਰੋੜ ਰੁਪਏ ਨੂੰ ਵੀ ਫ੍ਰੀਜ਼ ਕਰ ਦਿਤਾ ਗਿਆ ਹੈ। ਈਡੀ ਨੇ ਕਿਹਾ ਕਿ ਇਹ ਕਾਰਵਾਈ ਬੈਂਕ ਤੋਂ ਗਬਨ ਕੀਤੇ ਗਏ ਫ਼ੰਡਾਂ ਦੀ ਦੁਰਵਰਤੋਂ ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਤਹਿਤ ਮਨੀ ਲਾਂਡਰਿੰਗ ਦੀ ਜਾਂਚ ਦਾ ਹਿੱਸਾ ਹੈ।
ਈਡੀ ਨੇ ਕਿਹਾ ਕਿ ਅਪਰਾਧ ਜਾਂਚ ਵਿਭਾਗ (ਸੀਆਈਡੀ) ਦੁਆਰਾ ਦਰਜ ਕੀਤੀ ਗਈ ਐਫ਼ਆਈਆਰ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਤੋਂ ਪਤਾ ਲੱਗਾ ਕਿ ਲੇਪਚਾ ਨੇ ਵੱਡੇ ਪੱਧਰ 'ਤੇ ਧੋਖਾਧੜੀ ਕੀਤੀ ਸੀ। ਉਸ ਨੇ "ਏਈ ਰੋਡਜ਼ ਐਂਡ ਬ੍ਰਿਜ ਡਿਪਾਰਟਮੈਂਟ, ਸਿਕਿੱਮ ਸਰਕਾਰ" ਦੇ ਨਾਮ 'ਤੇ ਇਕ ਜਾਅਲੀ ਬੈਂਕ ਖ਼ਾਤਾ ਖੋਲ੍ਹਿਆ ਸੀ। ਇਸ ਤੋਂ ਬਾਅਦ, ਦੋ ਜਨਤਕ ਖੇਤਰ ਦੇ ਬੈਂਕਾਂ ਦੇ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਹੇਰਾਫੇਰੀ ਕਰ ਕੇ ਇਸ ਖ਼ਾਤੇ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਫ਼ੰਡ ਜਮ੍ਹਾ ਕੀਤੇ ਗਏ।
ਬਿਆਨ ਵਿਚ ਕਿਹਾ ਗਿਆ ਹੈ ਕਿ ਗਬਨ ਕੀਤੇ ਪੈਸੇ ਲੇਪਚਾ ਅਤੇ ਉਸ ਦੇ ਸਾਥੀਆਂ ਦੇ ਨਿੱਜੀ ਖ਼ਾਤਿਆਂ ਵਿਚ ਟ੍ਰਾਂਸਫ਼ਰ ਕੀਤੇ ਗਏ ਸਨ। ਪਿਛਲੇ ਮਹੀਨੇ, ਈਡੀ ਨੇ ਕਈ ਥਾਵਾਂ 'ਤੇ ਲੇਪਚਾ ਨਾਲ ਜੁੜੀਆਂ ਜਾਇਦਾਦਾਂ 'ਤੇ ਛਾਪੇਮਾਰੀ ਕੀਤੀ ਸੀ ਅਤੇ ਵੱਖ-ਵੱਖ ਜਾਇਦਾਦ ਖ਼ਰੀਦਦਾਰੀ ਨਾਲ ਸਬੰਧਤ ਦਸਤਾਵੇਜ਼ ਜ਼ਬਤ ਕੀਤੇ ਸਨ।
ਈਡੀ ਦੀ ਜਾਂਚ ਅਜੇ ਵੀ ਜਾਰੀ ਹੈ। ਅਧਿਕਾਰੀ ਇਸ ਵਿਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਨ।