ਅਸਾਮ ਸਰਕਾਰ ਨੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਚੁਣੇ ਅਤੇ ਨਾਮਜ਼ਦ ਮੈਂਬਰਾਂ ਦੀ ਤਨਖ਼ਾਹ 50 ਫ਼ੀ ਸਦੀ ਵਧਾਉਣ ਦਾ ਪ੍ਰਸਤਾਵ ਰਖਿਆ ਹੈ।
ਗੁਹਾਟੀ : ਅਸਾਮ ਸਰਕਾਰ ਨੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਚੁਣੇ ਅਤੇ ਨਾਮਜ਼ਦ ਮੈਂਬਰਾਂ ਦੀ ਤਨਖ਼ਾਹ 50 ਫ਼ੀ ਸਦੀ ਵਧਾਉਣ ਦਾ ਪ੍ਰਸਤਾਵ ਰਖਿਆ ਹੈ। ਸੰਸਦੀ ਕਾਰਜ ਮੰਤਰੀ ਚੰਦਰ ਮੋਹਨ ਪਟਵਾਰੀ ਨੇ ਇਸ ਸਬੰਧੀ ਵਿਧਾਨ ਸਭਾ ਵਿਚ ਤਿੰਨ ਬਿਲ ਪੇਸ਼ ਕੀਤੇ ਹਨ।
ਬਿਲ ਦੇ ਮੁਤਾਬਕ ਮੈਂਬਰਾਂ ਦੀ ਮੌਜੂਦਾ ਤਨਖ਼ਾਹ 80 ਹਜ਼ਾਰ ਅਤੇ 75 ਹਜ਼ਾਰ ਨੂੰ ਵਧਾ ਕੇ 1.2 ਲੱਖ ਰੁਪਏ ਅਤੇ ਇਕ ਲੱਖ ਰੁਪਏ ਕਰਨ ਦਾ ਪ੍ਰਸਤਾਵ ਦਿਤਾ ਹੈ। ਇਸ ਤਰ੍ਹਾਂ ਇਹ ਵਾਧਾ ਸਿੱਧੇ ਤੌਰ 'ਤੇ 33.33 ਫ਼ੀ ਸਦੀ ਬਣਦਾ ਹੈ ਪਰ ਇਸ ਵਿਚ 30 ਹਜ਼ਾਰ ਰੁਪਏ ਦਾ ਭੱਤਾ ਜੋੜ ਕੇ ਇਹ ਵਾਧਾ 50 ਫ਼ੀ ਸਦੀ ਹੋ ਜਾਵੇਗਾ।
ਮੁੱਖ ਮੰਤਰੀ ਦੀ ਮੌਜੂਦਾ ਤਨਖ਼ਾਹ 90 ਹਜ਼ਾਰ ਰੁਪਏ ਹੈ। ਵਾਧੇ ਤੋਂ ਬਾਅਦ ਹੁਣ ਉਨ੍ਹਾਂ ਨੂੰ 1.30 ਲੱਖ ਰੁਪਏ ਮਿਲੇਗੀ ਅਤੇ ਭੱਤੇ ਸਮੇਤ ਇਹ ਤਨਖ਼ਾਹ 1.64 ਲੱਖ ਰੁਪਏ ਹੋ ਜਾਵੇਗੀ। ਕੈਬਨਿਟ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਹੁਣ 80 ਹਜ਼ਾਰ ਰੁਪਏ ਤਨਖ਼ਾਹ ਮਿਲ ਰਹੀ ਹੈ ਜੋ ਵਾਧੇ ਨਾਲ 1.1 ਲੱਖ ਰੁਪਏ ਕਰਨ ਦਾ ਫ਼ੈਸਲਾ ਹੋਇਆ ਹੈ।
ਇਸ ਤੋਂ ਇਲਾਵਾ ਵਿਧਾਇਕਾਂ ਨੂੰ 60 ਹਜ਼ਾਰ ਰੁਪਏ ਤੋਂ ਵਧਾ ਕੇ 80 ਹਜ਼ਾਰ ਰੁਪਏ ਤਨਖ਼ਾਹ ਦੇਣ ਦਾ ਪ੍ਰਸਤਾਵ ਰਖਿਆ ਗਿਆ ਹੈ। ਇਸ ਦੇ ਨਾਲ ਹੀ ਬਿਲ ਵਿਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਧਾਉਣ ਦਾ ਪ੍ਰਸਤਾਵ ਵੀ ਪਾਇਆ ਗਿਆ ਹੈ।