
ਰਖਿਆ ਮੰਤਰਾਲੇ ਦੀ ਵੈਬਸਾਈਟ ਅੱਜ ਹੈਕ ਹੋ ਗਈ ਅਤੇ ਇਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਵੈਬਸਾਈਟ 'ਤੇ ਚੀਨੀ ਅੱਖਰ ਨਜ਼ਰ ਆਏ ਜੋ ਇਸ ਗੱਲ ਦਾ ਸੰਕੇਤ ਹੈ ਕਿ ਚੀਨੀ ਹੈਕਰ ਉਸ ਵਿਚ ਸ਼ਾਮਲ ਹੋ ਸਕਦੇ ਹਨ। ਮੰਤਰਾਲੇ ਦੇ ਬੁਲਾਰੇ ਨੇ ਕਿਹਾ, 'ਮਾਮਲੇ 'ਤੇ ਸਾਡੀ ਤਿੱਖੀ ਨਜ਼ਰ ਹੈ। ਕੌਮੀ ਸੂਚਨਾ ਕੇਂਦਰ ਉਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕੇਂਦਰ ਵੈਬਸਾਈਟ ਨੂੰ ਸੰਭਾਲਦਾ ਹੈ।' ਇਕ ਹੋਰ ਅਧਿਕਾਰੀ ਨੇ ਦਸਿਆ ਕਿ ਚੀਨੀ ਹੈਕਰ ਇਸ ਵੈਬਸਾਈਟ ਨੂੰ ਵਿਗਾੜਨ ਵਿਚ ਸ਼ਾਮਲ ਹੋ ਸਕਦੇ ਹਨ। ਅਧਿਕਾਰੀਆਂ ਨੇ ਦਸਿਆ ਕਿ ਵੈਬਸਾਈਟ ਨੂੰ ਚੀਨੀ ਹੈਕਰਾਂ ਨੇ ਹੈਕ ਕਰ ਲਿਆ ਹੈ।
Defence Ministry
ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਵੈਬਸਾਈਟ ਛੇਤੀ ਹੀ ਬਹਾਲ ਹੋ ਜਾਵੇਗੀ। ਉਨ੍ਹਾਂ ਟਵੀਟ ਕੀਤਾ, 'ਰਖਿਆ ਮੰਤਰਾਲੇ ਦੀ ਵੈਬਸਾਈਟ ਹੈਕ ਹੋਣ ਮਗਰੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਹ ਛੇਤੀ ਹੀ ਬਹਾਲ ਹੋ ਜਾਵੇਗੀ। ਭਵਿੱਖ ਵਿਚ ਅਜਿਹੀ ਹਾਲਤ ਨੂੰ ਟਾਲਣ ਲਈ ਹਰ ਸੰਭਵ ਕਦਮ ਚੁਕਿਆ ਜਾਵੇਗਾ।' ਉਧਰ, ਇਕ ਅਧਿਕਾਰੀ ਨੇ ਕਿਹਾ ਕਿ ਰਖਿਆ, ਕਾਨੂੰਨ ਅਤੇ ਗ੍ਰਹਿ ਮੰਤਰਾਲੇ ਦੀਆਂ ਵੈਬਸਾਈਟਾਂ ਹੈਕ ਨਹੀਂ ਹੋਈਆਂ ਸਗੋਂ ਸਰਵਰ ਦੀ ਸਮੱਸਿਆ ਕਾਰਨ ਡਾਊਨ ਹੋਈਆਂ ਹਨ ਜਿਨ੍ਹਾ ਨੂੰ ਛੇਤੀ ਹੀ ਠੀਕ ਕਰ ਲਿਆ ਜਾਵੇਗਾ। (ਏਜੰਸੀ)